ਪੱਤਰ ਪ੍ਰਰੇਰਕ, ਪਟਿਆਲਾ : ਸਿੱਖਿਆ ਵਿਭਾਗ ਅੰਦਰ ਬਦਲੀਆਂ, ਅਸਾਮੀਆਂ ਦੇ ਖਾਤਮੇ, ਤਰੱਕੀਆਂ, ਆਨਲਾਈਨ ਸਿੱਖਿਆ, ਫਰਜ਼ੀ ਅੰਕੜਿਆਂ ਵਰਗੇ ਗੰਭੀਰ ਮੁੱਦਿਆਂ ਨੂੰ ਲੈ ਕੇ ਅਧਿਆਪਕਾਂ ਅੰਦਰ ਪਸਰੇ ਤਿੱਖੇ ਰੋਸ ਨੂੰ ਸੰਘਰਸ਼ਾਂ 'ਚ ਤਬਦੀਲ ਕਰਦਿਆਂ ਸੰਘਰਸ਼ੀਲ ਜਥੇਬੰਦੀਆਂ ਵੱਲੋਂ ਮੁੜ ਸੁਰਜੀਤ ਕੀਤੇ ਗਏ 'ਸਾਂਝਾ ਅਧਿਆਪਕ ਮੋਰਚਾ' ਦੇ ਸੂਬਾਈ ਸੱਦੇ ਤਹਿਤ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਬਾਹਰ ਮੁਜ਼ਾਹਰਾ ਕਰਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਅਧਿਆਪਕ ਮਸਲਿਆਂ ਅਤੇ ਮੰਗਾਂ ਦੇ ਫੌਰੀ ਹੱਲ ਲਈ ਮੋਰਚੇ ਨਾਲ ਮੁਲਾਕਾਤ ਤੈਅ ਕਰਨ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਹੀਂ ਸਿੱਖਿਆ ਮੰਤਰੀ ਨੂੰ ਰੋਸ ਪੱਤਰ ਵੀ ਭੇਜਿਆ ਗਿਆ।

ਸਾਂਝਾ ਅਧਿਆਪਕ ਮੋਰਚਾ ਦੇ ਜ਼ਿਲ੍ਹਾ ਆਗੂਆਂ ਪੁਸ਼ਪਿੰਦਰ ਹਰਪਾਲਪੁਰ, ਅਤਿੰਦਰ ਘੱਗਾ ਅਤੇ ਲਛਮਣ ਨਬੀਪੁਰ ਨੇ ਪੰਜਾਬ ਸਰਕਾਰ ਦੀਆਂ ਨਿੱਜੀਕਰਨ ਤੇ ਕੌਮੀ ਸਿੱਖਿਆ ਨੀਤੀ 2020 ਤਹਿਤ ਸਿੱਖਿਆ ਵਰਗੇ ਬੁਨਿਆਦੀ ਖੇਤਰ ਨੂੰ ਹੋਰ ਕਮਜੋਰ ਕਰਨ ਲਈ ਵਿੱਢੇ ਹਮਲੇ ਖ਼ਿਲਾਫ਼ ਅਧਿਆਪਕਾਂ ਨੂੰ ਕਿਸਾਨੀ ਸੰਘਰਸ਼ ਤੋਂ ਪ੍ਰਰੇਰਨਾ ਲੈਂਦਿਆਂ ਸਾਂਝੇ, ਲੰਮੇ ਅਤੇ ਤਿਖੇ ਸੰਘਰਸ਼ਾਂ ਲਈ ਲਾਮਬੰਦ ਹੋ ਕੇ ਵਿਸ਼ਾਲ ਅਧਿਆਪਕ ਲਹਿਰ ਉਸਾਰਨ ਦਾ ਹੋਕਾ ਦਿੱਤਾ।

ਅਧਿਆਪਕ ਆਗੂ ਹਰਦੀਪ ਟੋਡਰਪੁਰ, ਰਣਜੀਤ ਸਿੰਘ, ਗੁਰਪ੍ਰਰੀਤ ਗੁਰੂ ਅਤੇ ਜਸਵਿੰਦਰ ਸਿੰਘ ਚੱਪੜ ਨੇ ਕਿਹਾ ਕਿ ਬਦਲੀ ਪ੍ਰਕਿਰਿਆ ਦੌਰਾਨ ਪ੍ਰਰਾਈਮਰੀ, ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ 'ਚ ਵੱਡੀ ਗਿਣਤੀ ਖਾਲੀ ਅਸਾਮੀਆਂ ਨੂੰ ਲੁਕਾਉਣ, ਮਿਡਲ ਸਕੂਲਾਂ ਦੀਆਂ ਅਸਾਮੀਆਂ ਨੂੰ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਅਸਾਮੀਆਂ 'ਚ ਸ਼ਾਮਲ ਕਰਕੇ ਹਜ਼ਾਰਾਂ ਅਸਾਮੀਆਂ ਦੀ ਛਾਂਟੀ ਕਰਨ ਦੀ ਸਾਜ਼ਿਸ਼ ਕਰਨ, ਮਿਡਲ ਸਕੂਲਾਂ 'ਚੋਂ 228 ਪੀਟੀਆਈਜ਼ ਨੂੰ ਧੱਕੇ ਨਾਲ ਬਲਾਕ ਦਫਤਰਾਂ 'ਚ ਸ਼ਿਫਟ ਕਰਨ, ਆਨਲਾਈਨ ਸਿੱਖਿਆ ਨੂੰ ਸਕੂਲੀ ਅਸਲ ਸਿੱਖਿਆ ਦਾ ਬਦਲ ਬਣਾਉਣ, ਮਿਸ਼ਨ ਸ਼ਤ-ਪ੍ਰਤੀਸ਼ਤ ਦੇ ਖੋਖਲੇ ਸੁਪਨੇ ਲਈ ਅਧਿਆਪਕਾਂ ਨੂੰ ਫਰਜ਼ੀ ਅੰਕੜਿਆਂ 'ਚ ਉਲਝਾਉਣ, ਸੰਘਰਸ਼ੀ ਅਧਿਆਪਕਾਂ 'ਤੇ ਪਾਏ ਝੂਠੇ ਪੁਲਿਸ ਕੇਸ ਰੱਦ ਨਾ ਕਰਨ ਅਤੇ ਇਨ੍ਹਾਂ ਕਰਕੇ ਰੈਗੂਲਰ ਨੌਕਰੀ ਦੇ ਆਰਡਰ ਰੋਕਣ, ਤਰੱਕੀ ਕੋਟੇ ਨੂੰ ਖੋਰਾ ਲਾਉਂਦਿਆਂ ਪੈਂਡਿੰਗ ਤਰੱਕੀਆਂ ਨੂੰ ਮੁਕੰਮਲ ਨਾ ਕਰਨਾ, 1904 ਪ੍ਰਰਾਈਮਰੀ ਮੁੱਖ ਅਧਿਆਪਕਾਂ ਦੀਆਂ ਖ਼ਤਮ ਕੀਤੀਆਂ ਅਸਾਮੀਆਂ ਨੂੰ ਬਹਾਲ ਨਾ ਕਰਨ ਵਰਗੇ ਸਿੱਖਿਆ ਅਤੇ ਅਧਿਆਪਕ ਵਿਰੋਧੀ ਮਨਸੂਬਿਆਂ ਕਾਰਨ ਅਧਿਆਪਕ ਵਰਗ ਅੰਦਰ ਵੱਡੀ ਬੇਚੈਨੀ ਅਤੇ ਰੋਸ ਦਾ ਆਲਮ ਹੈ।

ਇਸ ਮੌਕੇ ਪਰਮਜੀਤ ਸਿੰਘ, ਹਰਵਿੰਦਰ ਰੱਖੜਾ, ਕੰਵਲ ਨੈਣ, ਜਗਤਾਰ ਸਿੰਘ ਨਾਭਾ, ਅਮਨਦੀਪ ਦੇਵੀਗੜ੍ਹ, ਅਮਰਜੀਤ ਵਾਲੀਆ, ਹਰਪ੍ਰਰੀਤ ਸਿੰਘ, ਰਜਿੰਦਰ ਸਮਾਣਾ, ਰਘਬੀਰ ਹਰੀਕਾ, ਸੰਦੀਪ ਕੁਮਾਰ, ਸੁਖਦੇਵ ਸਿੰਘ, ਕੁਲਵੰਤ ਸਿੰਘ, ਸੁਖਵਿੰਦਰ ਨਾਭਾ, ਬਲਜਿੰਦਰ ਸਿੰਘ, ਜਸਵਿੰਦਰ ਸਮਾਣਾ, ਅਮਨਦੀਪ ਕੌਰ, ਰਾਮਸ਼ਰਨ, ਸਨੇਹਦੀਪ, ਵਿਕਾਸ ਸਹਿਗਲ, ਭੁਪਿੰਦਰ ਸਿੰਘ, ਲਖਬੀਰ ਘਨੌਰ ਸਮੇਤ ਜ਼ਿਲ੍ਹੇ ਦੇ ਵੱਡੀ ਗਿਣਤੀ 'ਚ ਅਧਿਆਪਕ ਹਾਜ਼ਰ ਸਨ।