ਪੱਤਰ ਪੇ੍ਰਕ, ਪਟਿਆਲਾ : ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈੱਡਰੇਸ਼ਨ ਜ਼ਿਲ੍ਹਾ ਪਟਿਆਲਾ ਵੱਲੋਂ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸੰਘਰਸ਼ ਕਮੇਟੀ ਦੇ ਸੱਦੇ 'ਤੇ ਅੱਜ ਡਿਪਟੀ ਕਮਿਸ਼ਨਰ ਦਫਤਰ ਪਟਿਆਲਾ ਅੱਗੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਗਈ। ਜ਼ਿਲ੍ਹਾ ਪਟਿਆਲਾ ਦੇ ਜਨਰਲ ਸਕੱਤਰ ਲਖਵਿੰਦਰ ਸਿੰਘ ਪੈਨਸ਼ਨਰਜ਼ ਯੂਨੀਅਨ ਦੇ ਛੱਜੂ ਰਾਮ, ਜੰਗਲਾਤ ਵਰਕਰਜ਼ ਯੂਨੀਅਨ ਦੇ ਜਸਵਿੰਦਰ ਸਿੰਘ ਸੌਜਾ ਬਲਵੀਰ ਸਿੰਘ ਮਨੌਲੀ, ਪੀਡਬਲਯੂਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਰਾਜਿੰਦਰ ਸਿੰਘ ਧਾਲੀਵਾਲ ਦੀ ਅਗਵਾਈ 'ਚ 21 ਮੈਂਬਰੀ ਜਥਾ ਭੁੱਖ ਹੜਤਾਲ 'ਤੇ ਬੈਠੇ।

ਇਸ ਮੌਕੇ ਆਗੂ ਜਸਵੀਰ ਸਿੰਘ ਖੋਖਰ, ਹਰਬੀਰ ਸਿੰਘ ਸੁਨਾਮ, ਲਖਵਿੰਦਰ ਸਿੰਘ ਪਟਿਆਲਾ, ਮਨਜੀਤ ਸਿੰਘ, ਮਸਤ ਰਾਮ, ਹਰੀ ਰਾਮ ਨਿੰਦਾ, ਵਿਪਨ ਕੁਮਾਰ, ਬੀਰਪਾਲ ਅਤੇ ਨਰੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ 4 ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਮੁਲਾਜ਼ਮ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ। ਇਸ ਕਾਰਨ ਮੁਲਾਜ਼ਮਾਂ ਅੰਦਰ ਭਾਰੀ ਰੋਸ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਪੇਅ ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਜਾਵੇ, ਡੀਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ, ਡੀਏ ਦਾ ਬਕਾਇਆ ਦਿੱਤਾ ਜਾਵੇ, ਕੱਚੇ ਕਾਮੇ ਪੱਕੇ ਕੀਤੇ ਜਾਣ, ਵਿਭਾਗਾਂ ਦਾ ਪੁਨਰਗਠਨ ਕਰਨਾ ਬੰਦ ਕੀਤਾ ਜਾਵੇ, ਕੱਟੀਆਂ ਅਸਾਮੀਆਂ ਬਹਾਲ ਕੀਤੀਆਂ ਜਾਣ, 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਤੇ ਮਿੱਡ ਡੇ ਮੀਲ, ਆਸ਼ਾ ਵਰਕਰ, ਆਂਗਨਵਾੜੀ ਵਰਕਰਾਂ ਨੂੰ ਘੱਟੋ ਘੱਟ ਉਜਰਤ ਲਈ ਡੀਸੀ ਰੇਟ ਲਾਗੂ ਕੀਤਾ ਜਾਵੇ, ਵੱਖ-ਵੱਖ ਵਿਭਾਗਾਂ ਵਿਚ ਖਾਲੀ ਪਈਆਂ ਅਸਾਮੀਆਂ 'ਤੇ ਰੈਗੂਲਰ ਭਰਤੀ ਕੀਤੀ ਜਾਵੇ । ਬੁਲਾਰਿਆਂ ਦੱਸਿਆ ਕਿ ਉਕਤ ਮੰਗਾਂ ਦੇ ਹੱਲ ਲਈ ਪੰਜ ਮਾਰਚ ਨੂੰ ਜ਼ਿਲ੍ਹਾ ਹੈੱਡ ਕੁਆਰਟਰ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਸਰਕਾਰ ਨੂੰ ਸਬਕ ਸਿਖਾਇਆ ਜਾਵੇਗਾ। ਇਸ ਉਪਰੰਤ ਗੁਰਜੰਟ ਸਿੰਘ ਵਾਡੀਆ, ਮੋਤੀ ਰਾਮ, ਬਲਵੰਤ ਸਿੰਘ, ਅਸ਼ੋਕ ਕੁਮਾਰ, ਧਰਮ ਪਾਲ, ਹਰੀ ਰਾਮ ਤੇ ਯਸ਼ਪਾਲ ਆਗੂਆਂ ਨੇ ਐਲਾਨ ਕੀਤਾ ਕਿ 5 ਮਾਰਚ ਨੂੰ ਸਰਕਲ ਜਨ ਸਿਹਤ, ਨਾਭਾ ਰੋਡ, ਦਫਤਰ ਅੱਗੇ ਰੈਲੀ ਕਰਨ ਉਪਰੰਤ ਮਾਰਚ ਕਰਕੇ ਜੰਗਲਾਤ ਦਫਤਰ ਹੁੰਦੇ ਹੋਏ ਡੀਸੀ ਦਫਤਰ ਪਹੁੰਚ ਕੇ ਬਜਟ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।