ਪੱਤਰ ਪ੍ਰਰੇਰਕ, ਪਾਤੜਾਂ : ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਗੱਲਬਾਤ ਦੌਰਾਨ ਅੜੀਅਲ ਵਤੀਰਾ ਅਪਣਾਏ ਜਾਣ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤਹਿਤ ਜਮਹੂਰੀ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਇਕੱਤਰ ਕਿਸਾਨਾਂ ਨੇ ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਰੋਸ ਪ੍ਰਦਰਸ਼ਨ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਜਦੋਂ ਦੇਸ਼ ਦੇ ਲੋਕ ਕੇਂਦਰ ਵਲੋਂ ਲਾਗੂ ਕੀਤੇ ਜਾ ਰਹੇ ਕਾਨੂੰਨਾਂ ਦਾ ਡਟਵਾ ਵਿਰੋਧ ਕਰ ਰਹੇ ਹਨ। ਸਰਕਾਰ ਵੱਲੋਂ ਅਪਣਾਇਆ ਜਾ ਰਿਹਾ ਅੜੀਅਲ ਵਤੀਰਾ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਭੁਗਤਣ ਦਾ ਰਾਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਸ਼ੁਰੂ ਹੋਈ ਇਨਕਲਾਬ ਦੀ ਚੰਗਿਆੜੀ ਦੇਸ਼ ਭਰ ਵਿਚ ਭਾਂਬੜ ਬਣ ਕੇ ਫੈਲ ਚੁੱਕੀ ਹੈ ਅਤੇ ਲੋਕ ਸਾਰਿਆਂ ਸੂਬਿਆਂ ਵਿਚ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰ ਰਹੇ ਹਨ। ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਆਗੂ ਪ੍ਰਲਾਦ ਸਿੰਘ ਨਿਆਲ, ਬੀਕੇਯੂ ਉਗਰਾਹਾਂ ਤੋਂ ਰਘਬੀਰ ਸਿੰਘ , ਅਮਰਜੀਤ ਸਿੰਘ ਰੇਡੂ, ਸੁਖਦੇਵ ਸਿੰਘ ਅਤੇ ਮਲਕੀਤ ਸਿੰਘ ਆਦਿ ਹਾਜ਼ਰ ਸਨ।