ਜਗਨਾਰ ਸਿੰਘ ਦੁਲੱਦੀ, ਨਾਭਾ

ਨਾਭਾ ਨੇੜਲੇ ਪਿੰਡ ਸੌਜਾ ਵਿਖੇ ਕਿਸਾਨਾਂ ਵਲੋਂ ਜਿੱਥੇ ਖੇਤੀ ਕਾਨੂੰਨਾ ਦੇ ਖਿਲਾਫ਼ ਭਾਰੀ ਰੋਸ ਜਤਾਇਆ ਤੇ ਉਥੇ ਪਿੰਡ ਵਾਸੀ ਧਰਨਾਕਾਰੀ ਕਿਸਾਨਾਂ ਲਈ ਦੁੱਧ ਤੇ ਹੋਰ ਲੋੜੀਂਦਾ ਰਾਸ਼ਨ ਲੈਕੇ ਵੱਡੀ ਗਿਣਤੀ ਵਿੱਚ ਦਿੱਲੀ ਲਈ ਰਵਾਨਾ ਹੋਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਨੇ ਬਾਲੀਵੁਡ ਐਕਟਰੇਸ ਕੰਗਨਾ ਰਣੌਤ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਜੋ ਸਾਡੀਆਂ ਮਾਵਾਂ ਭੈਣਾਂ ਦੇ ਖਿਲਾਫ 100 ਰੁਪਏ ਦਿਹਾੜੀ ਦੀ ਗੱਲ ਕਹੀ ਹੈ, ਉਹ ਬਹੁਤ ਹੀ ਨਿੰਦਣਯੋਗ ਤੇ ਘਟੀਆ ਸੋਚ ਦਾ ਨਤੀਜਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੰਗਨਾ ਰਣੌਤ ਖੁਦ ਕਿਸਾਨਾ ਨਾਲ ਧਰਨੇ 'ਚ ਆ ਕੇ ਬੈਠੇ ਤਾਂ ਉਹ ਉਸ ਨੂੰ 10 ਹਜ਼ਾਰ ਰੁਪਏ ਦਿਹਾੜੀ ਦੇਣਗੇ। ਕਿਸਾਨ ਬਹਾਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਜਦੋਂ ਤਕ ਕੇਂਦਰ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤੱਕ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ ਅਤੇ ਉਹ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਹੀ ਘਰ ਪਰਤਣਗੇ। ਇਸ ਮੌਕੇ ਦਰਸ਼ਨ ਰਾਹੀ ਨੇ ਕਿਹਾ ਕਿ ਕੇਂਦਰ ਸਰਕਾਰ ਜਦੋਂ ਤੱਕ ਆਰਡੀਨੈਂਸ ਬਿੱਲ ਵਾਪਸ ਨਹੀਂ ਲੈਂਦੀ ਉਦੋਂ ਤੱਕ ਦੇਸ਼ ਦੇ ਕਿਸਾਨ ਦਾ ਗੁੱਸਾ ਠੰਡਾ ਨਹੀਂ ਹੋਵੇਗਾ। ਇਸ ਮੌਕੇ ਜਸਵਿੰਦਰ ਸਿੰਘ, ਜੇਲਰ ਸਿੰਘ, ਗੁਰਮੇਲ ਸਿੰਘ, ਜੋਰਾ ਸਿੰਘ, ਭੁਪਿੰਦਰ ਸਿੰਘ, ਮਹਿੰਦਰ ਸਿੰਘ ਆਦਿ ਹਾਜ਼ਰ ਸਨ।