ਹਰਿੰਦਰ ਸ਼ਾਰਦਾ, ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲਾ ਦਾ ਘਿਰਾਓ ਕਰਨ ਜਾਂਦੇ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਵਿਚਾਲੇ ਨਾਭਾ ਗੇਟ ਪਟਿਆਲਾ ਵਿਖੇ ਧੱਕਾ-ਮੁੱਕੀ ਹੋਈ। ਰੋਹ ਵਿਚ ਆਏ ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੁੱਜੇ ਨਾਇਬ ਤਹਿਸੀਲਦਾਰ ਰਾਮ ਲਾਲ ਨੇ ਬੇਰੁਜ਼ਗਾਰਾਂ ਨੂੰ ਪ੍ਰਮੁੱਖ ਸਕੱਤਰ ਨਾਲ 27 ਅਕਤੂਬਰ ਨੂੰ ਮੀਟਿੰਗ ਦਾ ਭਰੋਸਾ ਦਿੱਤਾ। ਇਸ ਤੋਂ ਸਹਿਮਤ ਹੁੰਦਿਆਂ ਉਨ੍ਹਾਂ ਮੁਜ਼ਾਹਰਾ ਸਮਾਪਤ ਕੀਤਾ।

ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ 'ਚ ਭਰਤੀ ਲਈ ਲੰਮੇਂ ਸਮੇਂ ਤੋਂ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਯੂਨੀਅਨ ਤੇ ਆਲ ਇੰਡੀਆ ਡੀਪੀਈ ਅਧਿਆਪਕ ਯੂਨੀਅਨ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਹਨ ਪਰ ਹਾਲੇ ਤਕ ਸਰਕਾਰ ਵਲੋਂ ਭਰਤੀ ਨਾ ਹੋਣ ਦੇ ਰੋਸ ਵਜੋਂ ਐਤਵਾਰ ਨੂੰ ਸੂਬਾ ਭਰ 'ਚੋਂ ਇਕੱਤਰ ਹੋਏ ਬੇਰੁਜ਼ਗਾਰਾਂ ਨੇ ਸਥਾਨਕ ਬਾਰਾਂਦਰੀ ਗਾਰਡਨ ਵਿਖੇ ਇਕੱਤਰਤਾ ਕੀਤੀ। ਉਪਰੰਤ ਉਹ ਦੁਪਹਿਰ ਇਕ ਵਜੇ ਦੇ ਕਰੀਬ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਵੱਲ ਰੋਸ ਮਾਰਚ ਕਰਨ ਲੱਗੇ। ਜਿਵੇਂ ਹੀ ਨਾਭਾ ਗੇਟ ਵਿਖੇ ਪੁੱਜੇ ਤਾਂ ਉਥੇ ਵੱਡੀ ਗਿਣਤੀ 'ਚ ਖੜ੍ਹੀ ਪੁਲਿਸ ਫ਼ੋਰਸ ਨੇ ਰੋਕ ਦਿੱਤਾ। ਬੇਰੁਜ਼ਗਾਰਾਂ ਨੇ ਉਥੇ ਹੀ ਧਰਨਾ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫ਼ੂਕਿਆ।

ਇਸ ਮੌਕੇ ਬੇਰੁਜ਼ਗਾਰ ਡੀਪੀਈ ਅਧਿਆਪਕਾਂ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਵਿਭਾਗ 'ਚ ਕੱਢੀਆਂ 873 ਅਸਾਮੀਆਂ 'ਚ ਉਮਰ ਹੱਦ ਵਿਚ ਛੋਟ ਦੇ ਕੇ 1000 ਪੋਸਟਾਂ ਦਾ ਹੋਰ ਵਾਧਾ ਕੀਤਾ ਜਾਵੇ। ਬੇਰੁਜ਼ਗਾਰ ਬੀਐੱਡ ਅਧਿਆਪਕਾਂ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਮਾਸਟਰ ਕਾਡਰ ਦੀਆਂ 3282 ਅਸਾਮੀਆਂ ਤਹਿਤ ਸਮਾਜਿਕ ਸਿੱਖਿਆ ਦੀਆਂ 54, ਪੰਜਾਬੀ ਦੀਆਂ 62 ਅਤੇ ਹਿੰਦੀ ਦੀਆਂ ਸਿਰਫ਼ 52 ਅਸਾਮੀਆਂ ਹੀ ਕੱਢੀਆਂ ਗਈਆਂ ਹਨ, ਜਦੋਂਕਿ ਇਨ੍ਹਾਂ ਵਿਸ਼ਿਆਂ ਦੇ ਕਰੀਬ 30-35 ਹਜ਼ਾਰ ਉਮੀਦਵਾਰ ਟੈੱਟ ਪਾਸ ਹਨ। ਇਨ੍ਹਾਂ ਵਿਸ਼ਿਆਂ ਦੀਆਂ ਅਸਾਮੀਆਂ 'ਚ ਵਾਧਾ ਕਰਨ ਅਤੇ ਉਮਰ-ਹੱਦ 37 ਤੋਂ 42 ਸਾਲ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਮੰਨੀਆਂ ਨਾ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

ਇਸ ਮੌਕੇ ਅਮਨ ਸੇਖਾ, ਸੰਦੀਪ ਗਿੱਲ, ਰਣਬੀਰ ਨਦਾਮਪੁਰ, ਕੁਲਵਿੰਦਰ ਨਦਾਮਪੁਰ, ਰਾਜਵਿੰਦਰ ਕੌਰ ਸਮਾਣਾ, ਜਗਸੀਰ ਸਿੰਘ ਪਾਤੜਾਂ ਪ੍ਰਧਾਨ, ਹਰਦੀਪ ਸਿੰਘ ਪਾਤੜਾਂ ਕਾਰਜਕਾਰੀ ਪ੍ਰਧਾਨ, ਅਬਦੁਲ ਲੁਧਿਆਣਾ, ਸੰਦੀਪ ਨਾਭਾ, ਜਸਕਰਨ, ਸੰਦੀਪ ਪਟਿਆਲਾ, ਰੋਹਿਤ ਮੌਦਗਿਲ ਲੁਧਿਆਣਾ, ਗੁਰਪ੍ਰੀਤ ਡੋਡੀਆਂ ਆਦਿ ਹਾਜ਼ਰ ਸਨ।