ਪੱਤਰ ਪ੍ਰਰੇਰਕ, ਪਾਤੜਾਂ : ਪਿੰਡ ਬਚਾਓ ਪੰਜਾਬ ਬਚਾਓ ਨੇ ਖੇਤੀ ਬਿੱਲਾਂ ਖਿਲਾਫ ਚੱਲ ਰਹੇ ਅੰਦੋਲਨ ਦੀ ਹਮਾਇਤ ਕਰਦਿਆਂ ਇਨ੍ਹਾਂ ਬਿੱਲਾਂ, ਬਿਜਲੀ ਸੋਧ ਬਿੱਲ , ਕਿਰਤ ਕੋਡ ਅਤੇ ਨਵੀਂ ਸਿੱਖਿਆ ਨੀਤੀ ਖਿਲਾਫ ਗ੍ਰਾਮ ਸਭਾਵਾਂ ਅਤੇ ਸਹਿਰਾਂ ਵਿੱਚ ਮਤੇ ਪਾਉਣ ਦਾ ਸੱਦਾ ਦਿੱਤਾ। ਇੱਥੇ ਪਿੰਡ ਚੁਨਾਗਰਾ ਅਤੇ ਹਰਿਆਊ 'ਚ ਬਿਲਾਂ ਦੇ ਖਿਲਾਫ ਗਰਾਮ ਸਭਾ ਦੇ ਮਤੇ ਪਾਏ ਗਏ। ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਪਿੰਡ ਬਚਾਓ ਪੰਜਾਬ ਬਚਾਓ ਦੇ ਆਗੂ ਦਰਸ਼ਨ ਸਿੰਘ ਧਨੇਠਾ ਅਤੇ ਖਿਆਲੀ ਰਾਮ ਪਾਤੜਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਮੁਨਾਫੇ ਲਈ ਲੋਕਾਂ ਅਤੇ ਰਾਜਾਂ ਦੇ ਅਧਿਕਾਰ ਖੋਹ ਰਹੀ ਹੈ। ਖੇਤੀ ਬਿੱਲਾਂ ਦਾ ਨੁਕਸਾਨ ਕੇਵਲ ਕਿਸਾਨਾਂ ਨੂੰ ਨਹੀਂ ਬਲਕਿ ਸਮੁੱਚੇ ਲੋਕਾਂ ਨੂੰ ਹੋਵੇਗਾ। ਇਸ ਨਾਲ ਮੰਡੀ ਤੰਤਰ ਤਬਾਹ ਹੋ ਜਾਏਗਾ, ਜਖ਼ੀਰੇਬਾਜੀ ਨਾਲ ਪੈਦਾ ਹੋਣ ਵਾਲੀ ਮਹਿੰਗਾਈ ਨਾਲ ਗਰੀਬਾਂ ਲਈ ਅਨਾਜ ਦਾ ਹੀ ਸੰਕਟ ਪੈਦਾ ਹੋ ਜਾਵੇਗਾ। ਇਹ ਸਾਰੇ ਬਿੱਲ ਅਤੇ ਕਾਨੂੰਨ ਪੰਜਾਬ ਦੀ ਹੋਂਦ ਨੂੰ ਪ੍ਰਭਾਵਿਤ ਕਰਨ ਵਾਲੇ ਹਨ। ਇਸ ਲਈ ਕਿਸਾਨ ਅੰਦੋਲਨ ਨੂੰ ਲੋਕ ਅੰਦੋਲਨ ਵਿੱਚ ਤਬਦੀਲ ਕਰਨ ਦੀ ਲੋੜ ਹੈ। ਸਹੀ ਫੈਡਰਲ ਢਾਂਚੇ ਅਤੇ ਲੋਕਾਂ ਦੇ ਸਸਕਤੀਕਰਨ ਦੀ ਦਿਸਾ ਚ ਅੰਦੋਲਨ ਦਾ ਦਾਇਰਾ ਵੀ ਵਧਾਵੇਗੀ ਅਤੇ ਤਾਕਤਾਂ ਦੇ ਕੇਂਦਰੀਕਰਨ ਵਾਲਿਆਂ ਖਿਲਾਫ ਬਦਲ ਵੀ ਪੇਸ਼ ਕਰੇਗੀ। ਆਗੂਆਂ ਨੇ ਦੱਸਿਆ ਕਿ ਪਿੰਡ ਬਚਾਓ ਪੰਜਾਬ ਬਚਾਓ ਸੰਸਥਾ ਗ੍ਰਾਮ ਸਭਾਵਾਂ ਨੂੰ ਸਰਗਰਮ ਕਰਨ ਲਈ ਪਿਛਲੇ 8 ਸਾਲਾਂ ਤੋਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਅੰਦੋਲਨ ਹੀ ਤਾਨਾਸਾਹੀ ਰੁਝਾਨ ਨੂੰ ਠੱਲ ਪਾ ਸਕਦਾ ਹੈ। ਮਿਸਨ 22 ਨੂੰ ਲੈ ਕੇ ਚਲੀਆਂ ਧਿਰਾਂ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ ਹੈ। ਪੰਜਾਬ ਨੂੰ ਬਚਾਉਣ ਲਈ ਇੱਕ ਬਦਲਵੇਂ ਏਜੰਡੇ ਦੀ ਲੋੜ ਹੈ। ਆਗੂਆਂ ਨੇ ਦੱਸਿਆ ਕਿ ਇੱਕ ਨਵੰਬਰ ਤੋਂ ਸੁਰੂ ਕੀਤੇ ਜਾਣ ਵਾਲੇ ਮਾਰਚ ਵਿੱਚ ਪੰਜਾਬ ਦੇ ਲੋਕਾਂ ਨਾਲ ਬਦਲਵੇਂ ਏਜੰਡੇ ਬਾਰੇ ਖੁੱਲ ਕੇ ਸੰਵਾਦ ਰਚਾਇਆ ਜਾਵੇਗਾ। ਉਨ੍ਹਾਂ ਸਭ ਜਥੇਬੰਦੀਆਂ ਅਤੇ ਲੋਕਾਂ ਨੂੰ ਗ੍ਰਾਮ ਸਭਾਵਾਂ ਅਤੇ ਵਾਰਡ ਸਭਾਵਾਂ ਦੇ ਮਤੇ ਪਾਉਣ ਤੇ ਮਾਰਚ ਵਿੱਚ ਸਹਿਯੋਗ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਨਿਸ਼ਾਨ ਸਿੰਘ ਕੂਆ ਡੈਰੀ, ਸੁਭਾਸ਼ ਚੰਦ ਪਾਤੜਾਂ ਕਰਨੈਲ ਸਿੰਘ ਹਰਿਆਊ, ਲਾਭ ਸਿੰਘ, ਜਰਨੈਲ ਸਿੰਘ, ਦਰਸ਼ਨ ਸਿੰਘ, ਗੁਰਚਰਨ ਸਿੰਘ, ਹਰਮੇਸ਼ ਖਾਨ ਪੰਚ, ਕਸ਼ਮੀਰ ਸਿੰਘ ,ਜਸਵੰਤ ਸਿੰਘ, ਜਥੇਦਾਰ ਕਰਮ ਸਿੰਘ ਆਦਿ ਮੌਜੂਦ ਸਨ।