ਭੁਪਿੰਦਰ ਲਵਲੀ, ਬਲਬੇੜ੍ਹਾ

ਕੇਂਦਰ ਸਰਕਾਰ ਵਲੋਂ ਕਿਸਾਨਾਂ ਦੇ ਨਵੇਂ ਖੇਤੀ ਆਰਡੀਨੈਂਸ ਖਿਲਾਫ ਕਸਬਾ ਬਲਬੇੜ੍ਹਾ, ਰਾਮਨਗਰ ਅਤੇ ਜੋੜੀਆਂ ਸੜਕਾਂ ਵਿਖੇ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਕਿਸਾਨਾਂ ਵਲੋਂ ਰੋਸ ਮੁਜਾਹਰੇ ਕੀਤੇ ਗਏ। ਬਲਬੇੜ੍ਹਾ ਵਿਖੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਸਾੜਿਆ ਗਿਆ ਤੇ ਧਰਨੇ ਵਿਚ ਪੁੱਜੇ ਐਸਜੀਪੀਸੀ ਮੈਂਬਰ ਤੋਂ ਕਿਸਾਨਾਂ ਨੇ ਮਾਇਕ ਵੀ ਖੋਹ ਲਿਆ। ਇਸ ਮੋਕੇ ਦੇਖਣ ਨੂੰ ਮਿਲਿਆ ਕਿ ਖੇਤਰ ਬਲਬੇੜ੍ਹਾ ਦੇ ਬਾਜਾਰ ਮੁਕੰਮਲ ਬੰਦ ਰਹੇ ਤੇ ਲੋਕਾਂ ਦੇ ਮਨਾ 'ਚ ਕੇਂਦਰ ਸਰਕਾਰ ਦੇ ਖਿਲਾਫ ਭਾਰੀ ਰੋਸ ਸੀ, ਇਹਨਾਂ ਰੋਸ ਮੁਜਾਹਰਿਆਂ 'ਚ ਹਰ ਇਕ ਵਰਗ ਕਿਸਾਨ ਦੇ ਨਾਲ ਖੜਾ ਦਿਖਾਈ ਦਿੱਤਾ ਤੇ ਹੱਕ ਜਿਹਨਾਂ ਦੇ ਆਪਣੇ ਆਪੇ ਲੈਣਗੇ ਖੋਹ ਆਦਿ ਨਾਅਰਿਆਂ ਦੀ ਗੰੂਜ ਦੂਰ ਦੂਰ ਤੱਕ ਸੀ। ਭਰਵੇਂ ਇਕੱਠ ਨੂੰ ਕਿਸਾਨ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕੇਂਦਰ ਸਰਕਾਰ ਵਲੋਂ ਲਿਆਂਦੇ ਨਵੇਂ ਖੇਤੀ ਬਿੱਲ ਵਾਲੇ ਕਾਲੇ ਕਾਨੂੰਨ ਨੂੰ ਖਾਸ ਕਰਕੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ।ਇਸ ਨਾਲ ਕਿਸਾਨੀ ਹੀ ਨਹੀ ਦੇਸ਼ ਦਾ ਹਰ ਇੱਕ ਵਰਗ ਜਿਵੇਂ ਕਿ ਖੇਤ ਮਜਦੂਰ, ਆੜਤੀ, ਮੁਨੀਮ, ਪੱਲੇਦਾਰ, ਟਰੱਕ, ਟਰਾਲਾ, ਪੈਸਟੀਸਾਇਡ, ਟ੍ਰੈਕਟਰ ਮਾਰਕਿਟ ਆਦਿ ਬਰਬਾਦ ਹੋ ਜਾਣਗੇ। ਇਸ ਮੋਕੇ ਸਰਕਲ ਬਲਬੇੜ੍ਹਾ ਤੇ ਰਾਮਨਗਰ ਦੇ ਵੱਡੀ ਗਿਣਤੀ 'ਚ ਕਿਸਾਨ, ਮਜਦੂਰ ਤੇ ਮੋਜੂਦ ਸਨ।

------

ਜਦੋਂ ਐੱਸਜੀਪੀਸੀ ਮੈਂਬਰ ਤੋਂ ਖੋਹ ਲਿਆ ਮਾਈਕ

ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਵਿਰੁੱਧ ਬਿੱਲ ਪਾਸ ਕਰਨ ਤੇ ਦੇਸ਼ ਭਰ ਦੀਆਂ ਇਕੱਤੀ ਕਿਸਾਨ ਜਥੇਬੰਦੀਆਂ ਨੇ ਪੂਰੇ ਦੇਸ਼ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਸੀ, ਉਥੇ ਹੀ ਸਿਆਸੀ ਪਾਰਟੀਆਂ, ਮਜਦੂਰ, ਆੜਤੀਆਂ ਅਤੇ ਦੁਕਾਨਦਾਰਾਂ ਤੋਂ ਇਲਾਵਾ ਹਰ ਵਰਗ ਵੱਲੋਂ ਭਰਵਾਂ ਸਮਰਥਨ ਦਿੱਤਾ ਗਿਆ।ਅੱਜ ਹਲਕਾ ਸਨੋਰ ਦੇ ਕਸਬਾ ਬਲਬੇੜ੍ਹਾ ਵਿਖੇ ਸਾਰੀਆਂ ਹੀ ਪਾਰਟੀਆਂ ਵਲੋਂ ਸ਼ਾਂਝੇ ਤੋਰ ਤੇ ਪਟਿਆਲਾ ਚੀਕਾ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਗਰਮੀ ਵਿਚ ਮਾਹੋਲ ਉਸ ਸਮੇਂ ਹੋਰ ਭੱਖ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਨ ਆਗੂ ਅਤੇ ਮੋਜੂਦਾ ਐਸਜੀਪੀਸੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਵਲੋਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਤਾਰੀਫ ਕਰਨ ਲੱਗੇ ਤਾਂ ਕਿਸਾਨਾ ਨੇ ਅਕਾਲੀਦਲ ਮੁਰਦਾਬਾਦ ਦੇ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ। ਭੱਖਦੇ ਮਾਹੋਲ ਨੂੰ ਦੇਖਦੇ ਸਟੇਜ ਸਕੱਤਰ ਨੇ ਐਸਜੀਪੀਸੀ ਮੈਂਬਰ ਜਰਨੈਲ ਸਿੰਘ ਦੇ ਹੱਥੋਂ ਮਾਇਕ ਖੋਹ ਲਿਆ ਤੇ ਕਿਸਾਨਾਂ ਨੂੰ ਸ਼ਾਂਤ ਕੀਤਾ।