ਭੁਪਿੰਦਰ ਲਵਲੀ, ਬਲਬੇੜ੍ਹਾ

ਹਲਕਾ ਸਨੌਰ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਵਲੋਂ ਪੰਜੌਲਾ ਤੇ ਹਲਕੇ ਦੀਆਂ ਹੋਰਨਾਂ ਥਾਵਾਂ ਵਿਖੇ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇ ਤੌਰ ਤੇ ਸੂਬੇ ਅੰਦਰ ਵਧ ਰਹੇ ਸ਼ਰਾਬ ਮਾਫੀਆ, ਗੁੰਡਾਗਰਦੀ, ਧੱਕੇਸ਼ਾਹੀ, ਭਿ੍ਸ਼ਟਾਚਾਰ ਦਾ ਦੋਸ਼ੀ ਠਹਿਰਾਉਂਦੇ ਹੋਏ ਜ਼ੋਰਦਾਰ ਰੋਸ਼ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਕੇਂਦਰ ਸਰਕਾਰ ਵਲੋਂ ਜਰੂਰਮੰਦਾਂ ਲਈ 'ਆਤਮ ਨਿਰਭਰ ਭਾਰਤ' ਯੋਜਨਾ ਤਹਿਤ ਜ਼ਿਲ੍ਹਾ ਪਟਿਆਲਾ ਲਈ ਭੇਜੇ ਗਏ ਰਾਸ਼ਨ 'ਚ 81 ਹਜਾਰ ਵਿਅਕਤੀਆਂ ਦੇ ਰਾਸ਼ਨ 'ਚ ਹੋਏ ਘੋਟਾਲੇ ਦੇ ਮਾਮਲੇ 'ਚ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਚੇਤਾਵਨੀ ਦਿੱਤੀ ਕਿ ਉਹ ਜ਼ਿਲ੍ਹੇ ਦੇ ਇਸ ਵੱਡੇ ਰਾਸ਼ਨ ਘੋਟਾਲੇ ਦਾ ਪਰਦਾਫਾਸ ਕਰਨ ਨਹੀਂ ਤਾਂ ਮਜਬੂਰ ਹੋ ਕੇ ਉਨ੍ਹਾਂ ਡੀਸੀ ਦਫ਼ਤਰ ਪਟਿਆਲਾ ਨੂੰ ਜਿੰਦਰਾ ਲਗਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਕੋਰੋਨਾ ਮਹਾਮਾਰੀ ਦੌਰਾਨ ਅਣਅਧਿਕਾਰਤ ਕਾਂਗਰਸੀਆਂ ਨੂੰ ਕਿਸ ਅਧਾਰ ਤੇ ਰਾਸ਼ਨ ਦੇ ਪੈਕੇਟ ਜਰੂਰਮੰਦ ਲੋਕਾਂ ਨੂੰ ਵੰਡਣ ਲਈ ਦਿੱਤੇ ਗਏ ਤੇ ਉਸ ਉਪਰੰਤ ਉਹ ਪੈਕੇਟ ਕਿੱਥੇ ਗਏ, ਇਸ ਗੱਲ ਦਾ ਜਵਾਬ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਜ਼ਿਲ੍ਹੇ ਦੇ ਲੋਕਾਂ ਨੂੰ ਦੇਣਾ ਚਾਹੀਦਾ ਹੈ ਅਤੇ ਰਾਸ਼ਨ ਘੋਟਾਲੇ ਦਾ ਹਿੱਸਾ ਬਣੇ ਲੋਕਾਂ ਖਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਸ਼ਹਿ ਤੇ ਸੂਬੇ ਅੰਦਰ ਦੱੜੇ ਸੱਟੇ ਦਾ ਕਾਰੋਬਾਰ ਵੀ ਕਸਬੇ, ਸ਼ਹਿਰਾਂ 'ਚ ਤੇਜੀ ਨਾਲ ਵਧ ਚੁੱਕਿਆ ਹੈ, ਜਿਸ ਨਾਲ ਨੌਜਵਾਨ ਆਰਥਿਕ ਤੰਗੀ ਦਾ ਸ਼ਿਕਾਰ ਹੋ ਕੇ, ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਗਏ ਹਨ ਤੇ ਵੱਡੇ ਪੱਧਰ ਤੇ ਨੌਜਵਾਨਾਂ ਦੀ ਜਿੰਦਗੀ ਤਬਾਹ ਹੋ ਰਹੀ ਹੈ। ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਸ਼ਹਿਰ 'ਚ ਡੀਐਸਪੀ ਦਿਹਾਤੀ ਦਫਤਰ ਪਟਿਆਲਾ ਪ੍ਰਰਾਪਰਟੀ ਡੀਲਰ ਦਾ ਅੱਡਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦਾ ਡੀਐਸਪੀ ਧੱਕੇਸ਼ਾਹੀ ਨਾਲ ਸਰ੍ਹੇਆਮ ਜਮੀਨਾਂ ਤੇ ਕਬਜ਼ਾ ਕਰਵਾਉਣ 'ਚ ਲਗਿਆ ਹੋਇਆ ਹੈ। ਇਸ ਤੋਂ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀ ਧੱਕੇਸ਼ਾਹੀ ਦਾ ਜਵਾਬ ਦੇਣ ਲਈ ਜਨਤਾ ਤਿਆਰ ਬੈਠੀ ਹੈ। ਇਸ ਮੌਕੇ ਤੇ ਜਗਜੀਤ ਸਿੰਘ ਕੋਹਲੀ ਸਿਆਸੀ ਸੱਕਤਰ ਚੰਦੂਮਾਜਰਾ, ਸਰਕਲ ਪ੍ਰਧਾਨ ਜਥੇਦਾਰ ਨਿਰੰਜਣ ਸਿੰਘ ਅਲੀਪੁਰ, ਡਾ. ਸਤਪਾਲ ਪੂਨੀਆਂ ਪੰਜੌਲਾ, ਗੁਰਮੀਤ ਸਿੰਘ ਪੰਜੌਲਾ, ਗੁਰਦੇਵ ਸਿੰਘ ਮਰਦਾਂਹੇੜੀ, ਜਤਿੰਦਰ ਸਿੰਘ ਪਹਾੜੀਪੁਰ, ਸੁਖਬੀਰ ਸਿੰਘ ਬਲਬੇੜਾ, ਹਰਕੇਸ਼ ਮਿੱਤਲ ਬਲਬੇੜਾ, ਰੂੱਪੀ ਕੱਕੇਪੁਰ, ਬਲਜਿੰਦਰ ਬਿਲਾਸਪੁਰ, ਪ੍ਰਧਾਨ ਸੁਖਚੈਨ ਜੌਲਾ, ਹਰਵਿੰਦਰ ਡੰਡੋਆ, ਕੁਲਦੀਪ ਸਿੰਘ ਦੁੱਲਭਾ, ਗੁਰਦਰਸ਼ਨ ਗਾਂਧੀ ਨੰਨਾਨਸ਼ੂ, ਬਲਕਾਰ ਸਿੰਘ ਬਲਬੇੜ੍ਹਾ, ਗੁਰਦੇਵ ਸਿੰਘ ਨੌਗਾਵਾਂ ਆਦਿ ਵੀ ਮੌਜੂਦ ਸਨ।