ਭੁਪਿੰਦਰ ਲਵਲੀ, ਬਲਬੇੜਾ

ਆਮ ਆਦਮੀ ਪਾਰਟੀ ਹਲਕਾ ਸਨੌਰ ਵਲੋਂ ਪੰਜਾਬ ਸਰਕਾਰ ਵਿਰੁੱਧ ਨਕਲੀ ਸ਼ਰਾਬ ਦੀ ਵਿਕਰੀ ਬੰਦ ਕਰਾਉਣ ਵਾਸਤੇ ਹਲਕੇ ਦੇ ਵੱਖ ਵੱਖ ਥਾਈਂ ਰੋਸ ਮੁਜ਼ਾਹਰੇ ਕੀਤੇ ਗਏ। ਇਸੇ ਕੜੀ ਤਹਿਤ ਇਲਾਕਾ ਬਲਬੇੜਾ ਦੇ ਯੂਨਿਟ ਵਲ਼ੋਂ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਇੰਦਰਜੀਤ ਸਿੰਘ ਸੰਧੂ ਨੇ ਆਖਿਆ ਕਿ ਕਾਂਗਰਸ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਨੌਜਵਾਨਾਂ ਨੂੰ ਵਧੀਆ ਭਵਿੱਖ ਦੇ ਸੁਪਨੇ ਵਿਖਾਏ ਸਨ, ਜਿਸ ਵਿਚ ਨੌਜਵਾਨਾਂ ਨੂੰ ਨੌਕਰੀਆਂ ਤੇ ਕਿਸਾਨਾਂ ਨੂੰ ਕਰਜਾ ਮੁਕਤ ਕਰਨ ਦੀਆਂ ਗੱਲਾਂ ਕਹੀਆਂ ਗਈਆਂ ਸੀ। ਚਾਰ ਹਫਤਿਆਂ ਵਿਚ ਨਸ਼ਾ ਖ਼ਤਮ ਕਰਨ ਦੀ ਸੌਂਹ ਖਾਧੀ ਗਈ ਸੀ। ਜਿਵੇਂ ਨਕਲੀ ਸ਼ਰਾਬ ਦੀ ਵਿਕਰੀ ਜ਼ੋਰਾਂ ਉੱਪਰ ਹੈ ਅਤੇ ਪਿਛਲੇ ਦਿਨੀਂ ਪੰਜਾਬ ਭਰ ਚ ਨਕਲੀ ਦਾਰੂ ਨਾਲ ਸੌ ਤੋਂ ਵੱਧ ਮੌਤਾਂ ਹੋ ਗਈਆਂ ਹਨ, ਇਸ ਤੋਂ ਲੱਗਦਾ ਹੈ ਕਿ ਕੌਫ਼ੀ ਵਿਦ ਕੈਪਟਨ ਪ੍ਰਰੋਗਰਾਮ ਦਾ ਨਾਮ ਹੁਣ ਬਦਲ ਕੇ ਜ਼ਹਿਰੀਲੀ ਸ਼ਰਾਬ ਵਿਦ ਕੈਪਟਨ ਰੱਖ ਦੇਣਾ ਚਾਹੀਦਾ ਹੈ।ਸੰਧੂ ਨੇ ਕਿਹਾ ਕਿ ਜੇਕਰ ਨਕਲੀ ਦਾਰੂ ਦਾ ਧੰਦਾ ਬੰਦ ਹੋ ਜਾਵੇ ਤਾਂ ਪੰਜਾਬ ਵਿਚ ਇਨਾ ਮਾਲੀਆ ਇਕੱਤਰ ਹੋ ਜਾਵੇਗਾ ਕਿ ਸੂਬਾ ਕਰਜਾ ਮੁਕਤ ਹੋ ਸਕਦਾ ਹੈ। ਇਸ ਮੌਕੇ ਪ੍ਰਧਾਨ ਮੋਹਨ ਸਿੰਘ ਧਗਡੌਲੀ, ਰਾਮ ਸਿੰਘ ਜਲਬੇੜਾ, ਅਜਾਇਬ ਸਿੰਘ ਚਰਾਸੋ, ਬੰਤ ਸਿੰਘ ਬਲਬੇੜਾ, ਰਾਮਪਾਲ ਸਿੰਘ ਡਡੋਆ, ਬਿੰਦਰ ਬਿਲਾਸਪੁਰ, ਹੈਪੀ ਪਹਾੜੀਪੁਰ, ਸ਼ਿੰਦਰ ਬਿਲਾਸਪੁਰ ਆਦਿ ਆਗੂ ਸਨ।