ਸਟਾਫ ਰਿਪੋਰਟਰ, ਪਟਿਆਲਾ : ਤੇਲ ਅਤੇ ਡੀਜ਼ਲ ਕੀਮਤਾਂ ਦੇ ਵਿਰੋਧ 'ਚ ਸ਼ੋ੍ਮਣੀ ਅਕਾਲੀ ਦਲ ਵੱਲੋਂ ਧਰਨਾ ਦੇਣ ਦੇ ਸੱਦੇ 'ਤੇ ਅੱਜ ਸ਼ੋ੍ਮਣੀ ਅਕਾਲੀ ਦਲ ਦੀ ਸ਼ਹਿਰੀ ਇਕਾਈ ਵੱਲੋਂ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਅਤੇ ਸਾਬਕਾ ਯੂਥ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਦੀ ਪ੍ਰਧਾਨਗੀ ਵਿਚ ਅਨਾਰਦਾਨਾ ਚੌਂਕ ਵਿਚ ਧਰਨਾ ਦਿੱਤਾ ਗਿਆ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਵਿਰੋਧ 'ਚ ਨਾਅਰੇਬਾਜ਼ੀ ਕੀਤੀ ਗਈ। ਸ਼ਹਿਰੀ ਇਕਾਈ ਵੱਲੋਂ ਦਿੱਤੇ ਸੰਕੇਤਕ ਧਰਨੇ 'ਚ ਸ਼ੋ੍ਮਣੀ ਅਕਾਲੀ ਦਲ ਨੇ ਹੱਥਾਂ 'ਚ ਤਖਤੀਆਂ ਫੜ ਕੇ ਆਪਣਾ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਤੇਲ-ਡੀਜ਼ਲ ਦੀਆਂ ਕੀਮਤਾਂ 'ਚ 10-10 ਰੁਪਏ ਘੱਟ ਕਰਨ, ਬਿਜਲੀ ਦਰਾਂ 'ਚ ਕਟੌਤੀ, ਸਕੂਲ ਫੀਸ ਅਤੇ ਨੀਲੇ ਕਾਰਡ ਦੇ ਆਧਾਰ 'ਤੇ ਕੀਤੀ ਜਾ ਰਹੀ ਰਾਸ਼ਨ ਦੀ ਗਲਤ ਵੰਡ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਸੰਕੇਤਕ ਧਰਨਾ ਦੇ ਕੇ ਮੰਗ ਕਰਦਾ ਹੈ ਕਿ ਜਲਦ ਤੋਂ ਜਲਦ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੇਲ ਦੀਆਂ ਕੀਮਤਾਂ 'ਚ ਕਟੌਤੀ ਕਰਕੇ ਲੋਕਾਂ ਨੂੰ ਰਾਹਤ ਪਹੁੰਚਾਵੇ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਵਪਾਰੀ, ਕਿਸਾਨ ਅਤੇ ਸਨਅਤਕਾਰ ਦਾ ਕੰਮ ਕਾਜ ਕਾਫੀ ਪ੍ਰਭਾਵਤ ਹੋਇਆ, ਜੇ ਸਰਕਾਰਾਂ ਵੱਲ ਕੋਈ ਰਾਹਤ ਪ੍ਰਦਾਨ ਨਾ ਕੀਤੀ ਗਈ ਤਾਂ ਸ਼ੋ੍ਮਣੀ ਅਕਾਲੀ ਦਲ ਸੰਘਰਸ਼ ਹੋਰ ਤਿੱਖਾ ਕਰੇਗਾ। ਧਰਨੇ ਦੌਰਾਨ ਰਵਿੰਦਰਪਾਲ ਸਿੰਘ ਬੰਟੂ, ਜਸਬੀਰ ਸਿੰਘ ਮਾਟਾ, ਜੋਗਿੰਦਰ ਸਿੰਘ ਛਾਂਗਾ, ਨਰਿੰਦਰ ਸਿੰਘ ਚੰਢੋਕ, ਜੀਵਨ ਕੁਮਾਰ ਸੂਲਰ, ਅਜੀਤ ਸਿੰਘ ਬਾਬੂ, ਹਰਸ਼ਪਾਲ ਸਿੰਘ ਰਾਹੁਲ, ਹਨੀ ਲੂਥਰਾ, ਇੰਦਰਪਾਲ ਸਿੰਘ ਸੇਠੀ ਤੇ ਗੌਰਵ ਅਗਰਵਾਲ ਆਦਿ ਹਾਜ਼ਰ ਸਨ।