ਸਟਾਫ ਰਿਪੋਰਟਰ, ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਵਿਖੇ ਹਾਲਾਤ ਉਸ ਸਮੇਂ ਤਣਾਅਪੂਰਨ ਹੋ ਗਏ, ਜਦੋਂ ਪਾਵਰਕਾਮ ਦੇ ਕੱਚੇ ਕਾਮਿਆਂ ਨੇ ਹੱਥਾਂ ਵਿਚ ਤਖਤੀਆਂ ਫੜ੍ਹ ਕੇ ਨਾਅਰੇਬਾਜ਼ੀ ਸ਼ੁੁਰੂ ਕਰ ਦਿੱਤੀ। ਪਾਵਰਕਾਮ ਮੈਨੇਜਮੈਂਟ ਤੇ ਸੀਐੱਚਵੀ ਦੇ ਕੱਚੇ ਕਾਮਿਆਂ ਵੱਲੋਂ ਅਚਾਨਕ ਕੀਤੇ ਗਏ ਇਸ ਹੰਗਾਮੇ ਨੂੰ ਦੇਖਦਿਆਂ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਤੇ ਉਨ੍ਹਾਂ ਨੇ ਮੁਜ਼ਾਹਰਾਕਾਰੀਆਂ ਨੂੰ ਘੇਰਾ ਪਾ ਲਿਆ।

ਜਾਣਕਾਰੀ ਅਨੁਸਾਰ ਡਿਊਟੀ ਦੌਰਾਨ ਪਾਵਰਕਾਮ ਵਿਚ ਠੇਕੇ 'ਤੇ ਕੰਮ ਕਰਨ ਵਾਲੇ ਮੁਲਾਜ਼ਮ ਹਰਜੀਤ ਸਿੰਘ ਨੂੰ ਕਰੰਟ ਲੱਗ ਗਿਆ, ਉਹ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪਾਵਰਕਾਮ ਮੈਨੇਜਮੈਂਟ ਤੇ ਸਰਕਾਰ ਵੱਲੋਂ ਉਸ ਦੀ ਸਾਰ ਨਾ ਲੈਣ 'ਤੇ ਅੱਜ ਪਰਿਵਾਰ ਵੱਲੋਂ ਮੋਤੀ ਮਹਿਲ ਵੱਲ ਕੂਚ ਕੀਤਾ ਗਿਆ। ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ। ਹਰਜੀਤ ਸਿੰਘ ਦੇ ਪਰਿਵਾਰ ਨਾਲ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਜ਼ਮ ਯੂਨੀਅਨ ਦੇ ਕੁਝ ਮੈਂਬਰ ਮੋਤੀ ਮਹਿਲ ਦੇ ਮੁੱਖ ਗੇਟ ਕੋਲ ਪੁੱਜ ਗਏ। ਜਿਥੇ ਹੱਥ ਵਿਚ ਤਖਤੀਆਂ ਫੜ੍ਹ ਕੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਗੇਟ 'ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੇ ਮੁਜ਼ਾਹਰਾਕਾਰੀਆਂ ਨੂੰ ਸ਼ਾਂਤ ਕੀਤਾ ਤੇ ਮਹਿਲ ਦੇ ਇਕ ਨੁਮਾਇੰਦੇ ਨਾਲ ਗੱਲਬਾਤ ਕਰਵਾ ਕੇ ਮੰਗਾਂ ਸਰਕਾਰ ਤਕ ਪਹੁੰਚਾਉਣ ਦਾ ਭਰੋਸਾ ਦਿੱਤਾ।

ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਕੱਢੇ ਕਾਮੇ ਬਹਾਲ ਕੀਤੇ ਜਾਣ, ਛਾਂਟੀ ਦੀ ਨੀਤੀ ਰੱਦ ਕੀਤੀ ਜਾਵੇ, ਹਾਦਸਾ ਪੀੜਤ ਪਰਿਵਾਰਾਂ ਨੂੰ ਪੰਜਾਹ ਲੱਖ ਬੀਮਾ ਘੇਰੇ 'ਚ ਲਿਆਂਦਾ ਜਾਵੇ, ਪੱਕੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ, ਈਪੀਐੱਫ ਈਐੱਸਆਈ ਦੇ ਪੁਰਾਣੇ ਏਰੀਅਰ ਦਾ ਪੈਸਾ ਜਾਰੀ ਕੀਤਾ ਜਾਵੇ, ਵਧੀਆ ਸੁਰੱਖਿਆ ਟੂਲ ਮੁਹੱਈਆ ਕਰਵਾਏ ਜਾਣ, ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇ।

ਇਨ੍ਹਾਂ ਮੰਗਾਂ ਨੂੰ ਲੈ ਕੇ ਮੈਨੇਜਮੈਂਟ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਤੇ ਮੰਗਾਂ ਪੂਰੀਆਂ ਕਰਨ ਦੇ ਭਰੋਸੇ ਵੀ ਦਿੱਤੇ ਗਏ ਪਰ ਅੱਜ ਤਕ ਇਕ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ। ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਮੰਗਾਂ ਹੱਲ ਨਾ ਕੀਤੀਆਂ ਤਾਂ ਅਗਲੇ ਹਫਤੇ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।