ਜਗਨਾਰ ਸਿੰਘ ਦੁਲੱਦੀ, ਨਾਭਾ

ਅੱਜ ਸਥਾਨਕ ਟਰੇਡ ਯੂਨੀਅਨ ਕੌਸਲ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਸੋਸਲ ਡਿਸਟੈਂਸਿੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਹੀ ਘੱਟ ਗਿਣਤੀ ਵਿੱਚ ਆਗੂਆਂ ਨੇ ਸ਼ਹਿਰ ਦੇ ਬਜਾਰਾਂ ਵਿਚੋਂ ਤਹਿਸੀਲ ਕੰਪਲੈਕਸ ਤੱਕ ਰੋਸ ਮਾਰਚ ਕੀਤਾ। ਜਿਸਦੀ ਅਗਵਾਈ ਕਸਮੀਰ ਸਿੰਘ ਗਦਾਈਆ, ਸੋਹਣ ਸਿੰਘ ਸਿੱਧੂ, ਦੀਪ ਚੰਦ ਹੰਸ ਆਦਿ ਆਗੂਆਂ ਨੇ ਕੀਤੀ। ਤਹਿਸੀਲ ਕੰਪਲੈਕਸ ਪਹੰੁਚ ਕੇ ਉਨ੍ਹਾਂ ਵੱਲੋਂ ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਉਪਰੰਤ ਟਰੇਡ ਯੂਨੀਅਨ ਕੌਸਲ ਦੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਜਦੂਰ ਵਿਰੋਧੀ ਅਤੇ ਦੇਸ ਵਿਰੋਧੀ ਨੀਤੀਆਂ ਖਿਲਾਫ਼ ਇਹ ਮੁਜਾਹਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਨਰੇਗਾ ਮਜਦੂਰਾਂ ਨੂੰ 100 ਦਿਨਾਂ ਦੀ ਥਾਂ 200 ਦਿਨ ਕੰਮ ਦਿੱਤੇ ਜਾਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਮੁਲਾਜਮਾਂ ਦੇ ਡੀਏ ਤੇ ਲਗਾਈ ਰੋਕ ਨੂੰ ਵੀ ਤੁਰੰਤ ਹਟਾਇਆ ਜਾਵੇ। ਆਗੂਆਂ ਨੇ ਕਿਹਾ ਕਿ ਰਜਿਸਟਰਡ ਅਤੇ ਅਨ-ਰਜਿਸਟਰਡ ਮਜਦੂਰਾਂ ਦੇ ਖਾਤਿਆਂ ਵਿੱਚ ਵੀ ਕੇਂਦਰ ਸਰਕਾਰ ਹਰੇਕ ਮਹੀਨੇ 1500 ਰੁਪਏ ਪਾਵੇ ਤਾਂ ਜੋ ਮਜਦੂਰ ਅਸਮਾਨ ਛੂੰਹਦੀ ਮਹਿੰਗਾਈ ਵਿੱਚ ਆਪਣੇ ਪਰਿਵਾਰਾਂ ਦਾ ਪਾਲਣ ਪੋਸਣ ਸਹੀ ਤਰੀਕੇ ਨਾਲ ਕਰ ਸਕਣ। ਇਸ ਮੌਕੇ ਸੰਦੀਪ ਬਾਲੀ, ਅਜੇ ਕੁਮਾਰ, ਨੰਦ ਲਾਲ, ਰਜਿੰਦਰ ਸਿੰਘ, ਲਖਵੀਰ ਸਿੰਘ ਲੱਕੀ, ਸੰਕਰ ਦ੍ਰਾਵਿੜ, ਅਮਰਜੀਤ, ਤੇਜਿੰਦਰ ਕੁਮਾਰ, ਅਜੈਬ ਸਿੰਘ, ਦੁੱਬਰੀ ਯਾਦਵ, ਸੁਰਜੀਤ ਸਿੰਘ ਆਦਿ ਆਗੂ ਵੀ ਮੌਜੂਦ ਸਨ।