ਗੁਲਸ਼ਨ ਸ਼ਰਮਾ, ਪਟਿਆਲਾ

ਕਮਿਊਨਿਸਟ ਪਾਰਟੀ ਆਫ ਮਾਰਕਸਵਾਦੀ (ਸੀਪੀਆਈਐੱਮ) ਦੇ ਆਗੂਆਂ ਵਲੋਂ ਡੀਸੀ ਦਫ਼ਤਰ ਸਾਹਮਣੇ ਸਾਂਝੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸੀਪੀਆਈਐੱਮ ਦੇ ਜ਼ਿਲ੍ਹਾ ਸਕੱਤਰ ਧਰਮਪਾਲ ਸਿੰਘ ਸੀਲ ਨੇ ਆਪਣੇ ਮੰਗ ਰੂਪੀ ਸੰਬੋਧਨ 'ਚ ਕਿਹਾ ਕਿ ਨਸ਼ਿਆਂ ਨੂੰ ਮੁਕੰਮਲ ਤੌਰ 'ਤੇ ਬੰਦ ਕੀਤਾ ਜਾਵੇ, ਕਰਜ਼ਾ ਮੋੜਨ ਤੋਂ ਅਸਮਰੱਥ ਸਾਰੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ, ਡਾ. ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ, ਕੁਦਰਤੀ ਆਫ਼ਤਾਂ ਨਾਲ ਫਸਲਾਂ, ਮਕਾਨ, ਜਾਨ-ਮਾਲ ਦੇ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ, ਬਿਜਲੀ ਰੇਟਾਂ 'ਚ ਕੀਤਾ ਵਾਧਾ ਵਾਪਸ ਲਿਆ ਜਾਵੇ, ਸਰਕਾਰੀ ਅਤੇ ਨਿੱਜੀ ਅਦਾਰਿਆਂ 'ਚ ਠੇਕੇਦਾਰੀ ਪ੍ਰਣਾਲੀ ਨੂੰ ਬੰਦ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ, ਅਵਾਰਾ ਪਸ਼ੂਆਂ, ਜਾਨਵਰਾਂ ਦਾ ਹੱਲ ਕੀਤਾ ਜਾਵੇ, ਪੰਜਾਬੀ ਭਾਸ਼ਾ ਨੂੰ ਸਰਕਾਰੀ ਬੋਲੀ ਦਾ ਦਰਜਾ ਦਿੱਤਾ ਜਾਵੇ, ਦਰਿਆਈ ਪਾਣੀਆਂ ਦਾ ਮਸਲਾ ਹੱਲ ਕੀਤਾ ਜਾਵੇ। ਕਾਮਰੇਡਾਂ ਨੇ ਮੁੱਖ ਮੰਤਰੀ ਦੇ ਨਾਂ ਤਹਿਸੀਲਦਾਰ ਰਣਜੀਤ ਸਿੰਘ ਨੂੰ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਸਤਪਾਲ ਰਾਜੋਮਾਜਰਾ, ਗੁਰਮੀਤ ਸਿੰਘ ਛੱਜੂਭੱਟ, ਹਰਬੰਸ ਸਿੰਘ ਬੁੱਗਾ, ਜੰਗੀਰ ਸਿੰਘ ਿਢਲੋਂ, ਗੁਰਬਖਸ਼ ਸਿੰਘ ਧਨੇਠਾ, ਮੱਖਣ ਸਿੰਘ ਹਮਝੜੀ, ਸੁਨੀਲ ਕੁਮਾਰ ਹਰਪਾਲਪੁਰ, ਸੁਖਵਿੰਦਰ ਸਿੰਘ ਸੇਖੋਂ ਆਦਿ ਹਾਜ਼ਰ ਸਨ।