ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ : ਭਾਰਤੀ ਕਿਸਾਨ ਯੂਨੀਅਨ ਵਲੋਂ ਸਾਧੂਗੜ੍ਹ ਵਿਖੇ ਬਲਾਕ ਸਰਹਿੰਦ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀ ਅਗਵਾਈ ਵਿਚ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂ ਰਾਜਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਵਿਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਟੈਂਟ ਨੂੰ ਅੱਗ ਲਾਉਣ ਪਿੱਛੇ ਕੇਂਦਰ ਸਰਕਾਰ ਦੀ ਸਾਜ਼ਿਸ਼ ਹੈ, ਕਿਉਂਕਿ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਸਾਜ਼ਿਸ਼ ਤਹਿਤ ਪਹਿਲਾਂ ਵੀ ਕਿਸਾਨਾਂ 'ਤੇ ਹਮਲੇ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਨੂੰ ਖਤਮ ਕਰਨ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਖੇਤੀ ਕਾਨੂੰਨ ਨਹੀਂ ਚਾਹੁੰਦੇ ਤਾਂ ਕੇਂਦਰ ਕਿਸਾਨਾਂ 'ਤੇ ਧੱਕੇ ਨਾਲ ਖੇਤੀ ਕਾਨੂੰਨ ਥੋਪ ਰਹੀ ਹੈ। ਰਾਜਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਜਲਦ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਕੇਂਦਰ ਨੂੰ ਇਸ ਦੇ ਮਾੜੇ ਨਤੀਜੇ ਭੁਗਤਣੇ ਪੈਣਗੇ। ਇਸ ਮੌਕੇ ਰਾਜਿੰਦਰ ਸਿੰਘ, ਨੰਬਰਦਾਰ ਰਣਧੀਰ ਸਿੰਘ, ਸਤਵਿੰਦਰ ਸਿੰਘ, ਗਗਨਦੀਪ ਸਿੰਘ, ਰਿੰਕੂ ਕੁਮਾਰ , ਸ਼ਿਵਮ ਜੋਸ਼ੀ, ਗਗਨਦੀਪ ਆਦਿ ਮੌਜੂਦ ਸਨ।