ਹਰਿੰਦਰ ਸ਼ਾਰਦਾ, ਪਟਿਆਲਾ

ਡੈਮੋਕਰੇਟਿਕ ਟੀਚਰਜ਼ ਫਰੰਟ ਡੀਟੀਐੱਫ ਦੇ ਜਿਲ੍ਹਾ ਪ੍ਰਧਾਨ ਅਤਿੰਦਰ ਪਾਲ ਘੱਗਾ, ਸੂਬਾ ਸੀਨੀਅਰ ਮੀਤ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜ਼ਿਲ੍ਹਾ ਸਕੱਤਰ ਅਮਨਦੀਪ ਸਿੰਘ ਦੇਵੀਗੜ੍ਹ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ ਤੇ ਰੋਸ ਰੈਲੀ ਕੀਤੀ ਗਈ। ਇਸ ਮੌਕੇ ਅਧਿਆਪਕਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵਲੋਂ ਅਧਿਆਪਕਾਂ ਤੇ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਸਹੂਲਤਾਂ ਮੁਹੱਈਆਂ ਨਹੀਂ ਕਰਵਾਈਆਂ ਗਈਆਂ ਹਨ। ਇਸ ਦੇ ਚੱਲਦਿਆਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਕੂਲਭੁਸ਼ਣ ਸਿੰਘ ਬਾਜਵਾ ਨੇ ਬਾਜਵਾ ਨੇ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਮੰਗ ਪੰਜਾਬ ਸਰਕਾਰ ਤੱਕ ਪਹੁੰਚਾਉਣਗੇ। ਇਸ ਮੌਕੇ ਅਧਿਆਪਕਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ 1 ਦਸੰਬਰ ਨੂੰ ਸੰਗਰੂਰ 'ਚ ਸਿੱਖਿਆ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਨ ਦਾ ਫੈਸਲਾ ਵੀ ਕੀਤਾ ਹੈ।

ਜਾਣਕਾਰੀ ਅਨੁਸਾਰ ਵੀਰਵਾਰ ਸ਼ਾਮ ਨੂੰ ਡੈਮੋਕ੍ਰੇਟਿਕ ਅਧਿਆਪਕ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਦੇ ਬਾਹਰ ਰੋਸ ਰੈਲੀ ਗਈ। ਇਸ ਉਪਰੰਤ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਦੇ ਨਾਂ ਸਿੱਖਿਆ ਮੰਤਰੀ ਤੱਕ ਪੁੱਜਦਾ ਕਰਨ ਲਈ ਪੱਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕੁਲਭੂਸ਼ਣ ਸਿੰਘ ਬਾਜਵਾ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਇੰਜਨੀਅਰ ਅਮਰਜੀਤ ਸਿੰਘ ਨੂੰ ਸੌਂਪੇ। ਇਸ ਸਮੇਂ ਅਧਿਆਪਕ ਆਗੂ ਪਰਮਵੀਰ ਸਿੰਘ ਅਤੇ ਰਾਮਸ਼ਰਣ ਨਾਭਾ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੈਸ਼ਨਲਾਈਜੇਸ਼ਨ ਦੇ ਬਹਾਨੇ ਅਧਿਆਪਕਾਂ ਅਤੇ ਜਨਤਕ ਸਿੱਖਿਆ ਦਾ ਉਜਾੜਾ ਕਰਨ ਦਾ ਮਨ ਬਣਾ ਲਿਆ ਹੈ, ਇਸੇ ਕਰਕੇ ਪ੍ਰਾਇਮਰੀ ਸਕੂਲਾਂ ਵਿੱਚ ਹੈਡ ਟੀਚਰਜ਼, ਈਟੀਟੀ ਅਧਿਆਪਕ, ਵਲੰਟੀਅਰ ਅਧਿਆਪਕਾਂ ਅਤੇ ਮਿਡਲ ਸਕੂਲਾਂ ਵਿਚ ਡਰਾਇੰਗ ਤੇ ਸਰੀਰਕ ਸਿੱਖਿਆ ਦੀ ਅਸਾਮੀ 'ਤੇ ਤਰ੍ਹਾਂ-ਤਰ੍ਹਾਂ ਦੀਆਂ ਸ਼ਰਤਾਂ ਥੋਪ ਕੇ ਹਜ਼ਾਰਾਂ ਅਸਾਮੀਆਂ ਨੂੰ ਖਤਮ ਅਤੇ ਸਰਪਲੱਸ ਕੀਤਾ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਸਾਰੇ ਕੱਚੇ ਅਧਿਆਪਕਾਂ ਨੂੰ ਪੱਕੇ ਕੀਤਾ ਜਾਵੇ, 8886/5178 ਅਧਿਆਪਕਾਂ ਨੂੰ ਪਰਖ ਕਾਲ ਦੌਰਾਨ ਪੂਰੀ ਤਨਖਾਹ ਦਿੱਤੀ ਜਾਵੇ, ਵਿਦਿਆਰਥੀਆਂ ਦੀ ਵਰਦੀ ਲਈ ਰਾਸ਼ੀ ਘੱਟੋ ਘੱਟ 1500 ਰੁਪਏ ਕਰਵਾਕੇ ਇਸ ਵਿੱਚ ਜਨਰਲ ਅਤੇ ਬੀਸੀ ਸ਼੍ਰੇਣੀ ਦੇ ਲੜਕਿਆਂ ਨੂੰ ਸ਼ਾਮਲ ਕਰਨ ਤੋਂ ਇਲਾਵਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਜਾਵੇ, ਲੈਕਚਰਾਰਾਂ ਦੀ ਰਿਵਰਸ਼ਨ ਰੱਦ ਕਰਵਾਕੇ ਸੀਨੀਆਰਤਾ ਸੂਚੀ ਅਨੁਸਾਰ ਰਹਿੰਦੇ ਅਧਿਆਪਕਾਂ ਨੂੰ ਤਰੱਕੀ ਦੇ ਪੱਤਰ ਜਾਰੀ ਕੀਤੇ ਜਾਣ ਅਤੇ ਹੋਰਨਾਂ ਸਾਰੇ ਕਾਡਰਾਂ ਦੀਆਂ ਪਦਉਨਤੀਆਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਇਸ ਸਬੰਧ ਵਿਚ ਸੂਬੇ ਭਰ ਵਿਚ ਇੱਕਤਰ ਹੋਏ ਅਧਿਆਪਕਾਂ ਵਲੋਂ 1 ਦਸੰਬਰ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਵੱਲ ਰੋਸ ਮਾਰਚ ਕਰਕੇ ਝੰਡਾਂ ਬੁਲੰਦ ਕੀਤਾ ਜਾਵੇਗਾ। ਇਸ ਮੌਕੇ ਹਰਵਿੰਦਰ ਸਿੰਘ ਰੱਖੜਾ, ਸੁਖਵੀਰ ਸਿੰਘ, ਸਤਨਾਮ ਸਿੰਘ ਘਨੌਰ, ਬਲਪ੍ਰੀਤ ਸਿੰਘ, ਸੁਖਦੇਵ ਸਿੰਘ ਰਾਜਪੁਰਾ, ਭਰਤ ਕੁਮਾਰ ਜੋਗੀਪੁਰ, ਗਗਨ ਰਾਣੂ, ਵਿਕਰਮ ਰਾਜਪੁਰਾ, ਭੁਪਿੰਦਰ ਸਿੰਘ ਮਰਦਾਂਹੇੜ੍ਹੀ, ਦਵਿੰਦਰ ਸਿੰਘ ਪਟਿਆਲਾ, ਨਵਨੀਤ ਅਨਾਇਤਪੁਰੀ, ਗਗਨ ਵਸ਼ਿਸ਼ਟ ਆਦਿ ਹਾਜ਼ਰ ਸਨ।