ਗੁਲਸ਼ਨ ਸ਼ਰਮਾ, ਪਟਿਆਲਾ

ਵੱਖ-ਵੱਖ ਸਰਕਾਰੀ ਮਹਿਕਮਿਆਂ 'ਚ ਠੇਕਾ ਆਧਾਰ 'ਤੇ ਕੰਮ ਕਰਦੇ ਸਮੂਹ ਕਾਮਿਆਂ ਨੇ ਪੱਕੇ ਕਰਨ ਦੀ ਮੰਗ ਅਤੇ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਐਤਵਾਰ ਵਾਲੇ ਦਿਨ ਤਿ੍ਪੜੀ ਮੋੜ ਤੋਂ ਪੈਦਲ ਰੋਸ ਮਾਰਚ ਕਰਦਿਆਂ ਖੰਡਾ ਚੌਂਕ ਕੋਲ ਪੰਜਾਬ ਸਰਕਾਰ ਦੀ ਅਰਥੀ ਫੂਕੀ। ਇਸ ਸਮੇਂ ਕੱਚੇ ਕਾਮਿਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੋਰਚੇ ਦੇ ਸੂਬਾ ਆਗੂਆਂ ਜਗਰੂਪ ਸਿੰਘ ਲਹਿਰਾ, ਵਰਿੰਦਰ ਸਿੰਘ ਮੋਮੀ ਨੇ ਆਖਿਆ ਕਿ 'ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ' ਦੇ ਬੈਨਰ ਹੇਠ ਸਰਕਾਰੀ ਅਦਾਰਿਆਂ 'ਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਆਜ਼ਾਦੀ ਦਿਵਸ ਮੌਕੇ ਜਲੰਧਰ ਵਿਖੇ ਕਾਲੇ ਚੋਲੇ ਪਾਕੇ ਸ਼ਹਿਰ 'ਚ ਰੋਸ਼ ਮਾਰਚ ਉਲੀਕਿਆ ਹੋਇਆ ਸੀ। ਇਸ ਰੋਸ ਮਾਰਚ ਨੂੰ ਰੋਕਣ ਲਈ ਜਲੰਧਰ ਪ੍ਰਸ਼ਾਸਨ ਵੱਲੋਂ ਮੋਰਚੇ ਦੇ ਆਗੂਆਂ ਨੂੰ 20 ਅਗਸਤ ਨੂੰ ਮੁੱਖ ਮੰਤਰੀ ਨਾਲ ਜਥੇਬੰਦੀ ਦੇ ਨੁਮਾਇੰਦਿਆਂ ਦੀ ਚੰਡੀਗੜ੍ਹ ਵਿਖੇ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਦਿਵਾਇਆ ਗਿਆ ਸੀ, ਜਿਸ ਉਪਰੰਤ ਜਥੇਬੰਦੀ ਨੇ ਆਪਣਾ ਸੰਘਰਸ਼ ਮੁਲਤਵੀ ਕਰ ਦਿੱਤਾ।

ਆਪਣੇ ਸੰਬੋਧਨ 'ਚ ਗੁਰਵਿੰਦਰ ਸਿੰਘ ਪੰਨੂ, ਬਲਿਹਾਰ ਸਿੰਘ ਕਟਾਰੀਆ, ਵਰਿੰਦਰ ਸਿੰਘ ਬਠਿੰਡਾ, ਪਰਵਿੰਦਰ ਸਿੰਘ ਕਲਿਆਣ ਨੇ ਆਖਿਆ ਕਿ ਜਦੋਂ ਮੋਰਚੇ ਦੇ ਆਗੂ 20 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਦੀ ਚੰਡੀਗੜ੍ਹ ਰਿਹਾਇਸ਼ 'ਤੇ ਮੀਟਿੰਗ ਕਰਨ ਲਈ ਪਹੁੰਚੇ ਤਾਂ ਮੁੱਖ ਮੰਤਰੀ ਵੱਲੋਂ ਟਾਲ-ਮਟੋਲ ਦੀ ਨੀਤੀ ਅਪਣਾਉਂਦਿਆਂ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਸਰਕਾਰ ਦੀ ਇਸ ਵਾਅਦਾ-ਖਿਲਾਫੀ ਦੇ ਵਿਰੋਧ 'ਚ ਕੱਚੇ ਕਾਮਿਆਂ ਨੇ ਛੁੱਟੀ ਵਾਲੇ ਦਿਨ ਪੰਜਾਬ ਸਰਕਾਰ ਦੀ ਅਰਥੀ ਸਾੜ ਕੇ ਆਪਣੇ ਰੋਸ ਦਾ ਪ੍ਰਗਟਾਵਾ ਕਰਦਿਆਂ ਐਲਾਨ ਕੀਤਾ ਕਿ ਜਦੋਂ ਤਕ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ, ਉਦੋਂ ਤਕ ਸੰਘਰਸ਼ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਸ਼ੇਰ ਸਿੰਘ ਖੰਨਾ, ਬੱਗਾ ਸਿੰਘ ਮੋਹਾਲੀ, ਗੁਰਪ੍ਰਰੀਤ ਸਿੰਘ ਗੁਰੀ, ਜਸਵੀਰ ਸਿੰਘ ਕਟਾਰੀਆ ਆਦਿ ਹਾਜ਼ਰ ਸਨ।