ਕੇਵਲ ਸਿੰਘ, ਅਮਲੋਹ : ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਖ਼ਿਲਾਫ਼ ਵਰਤੀ ਭੱਦੀ ਸ਼ਬਦਾਵਲੀ ਨੰੂ ਲੈ ਕੇ ਅਧਿਆਪਕ ਵਰਗ ਵਿਚ ਗੁੱਸੇ ਦੀ ਲਹਿਰ ਹੈ। ਅਮਲੋਹ ਵਿਖੇ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਪੁਤਲਾ ਸਾੜਿਆ ਗਿਆ। ਬੁਲਾਰਿਆਂ ਨੇ ਕਿਹਾ ਕਿ ਨਿੱਜੀਕਰਨ ਦੇ ਏਜੰਡੇ ਤਹਿਤ ਆਮ ਲੋਕਾਂ ਤੋਂ ਸਿੱਖਿਆ ਲੈਣ ਦਾ ਹੱਕ ਖੋਹਣ ਲਈ ਸਰਕਾਰੀ ਸਕੂਲਾਂ ਵਿਚ ਨਿੱਜੀ ਅਤੇ ਜਨਤਕ ਭਾਈਵਾਲੀ (ਪੀਪੀਪੀ) ਨੀਤੀ ਲਿਆਉਣ, ਰੈਸ਼ਨੇਲਾਈਜੇਸ਼ਨ ਤਹਿਤ ਅਸਾਮੀਆਂ ਦੀ ਛਾਂਟੀ ਕਰਨ, ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਜੁੜੇ ਮਸਲਿਆਂ ਦਾ ਹੱਲ ਕੱਢਣ ਦੀ ਬਜਾਏ ਮੰਦੀ ਸ਼ਬਦਾਵਲੀ ਰਾਹੀਂ ਅਧਿਆਪਕਾਂ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਅਤੇ ਬੀਤੀ 1 ਦਸੰਬਰ ਨੂੰ ਸੰਗਰੂਰ ਸ਼ਹਿਰ ਵਿਚ ਹੋਏ ਸੂਬਾ ਪੱਧਰੀ ਧਰਨੇ ਦੌਰਾਨ ਪ੍ਰਸ਼ਾਸਨ ਰਾਹੀਂ ਸੱਦਾ ਦੇਣ ਦੇ ਬਾਵਜੂਦ ਗੱਲਬਾਤ ਕਰਨ ਤੋਂ ਟਾਲਾ ਵੱਟਣ ਤੋਂ ਖਫ਼ਾ ਹੋਏ ਅਧਿਆਪਕਾਂ ਨੇ ਇਹ ਕਦਮ ਚੁੱਕਿਆ ਹੈ। ਇਕੱਤਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ (ਡੀਟੀਐੱਫ) ਜ਼ਿਲ੍ਹਾ ਜਰਨਲ ਸਕੱਤਰ ਜੋਸ਼ੀਲ ਤਿਵਾੜੀ ਤੇ ਬਲਾਕ ਪ੍ਰਧਾਨ ਅੱਛਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਅਤੇ ਅਧਿਆਪਕਾਂ ਨੂੰ ਅਣਗੌਲਿਆ ਕੀਤਾ ਹੈ, ਜਿਸ ਦੇ ਸਿੱਟੇ ਵਜੋਂ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਪਛੜ ਰਿਹਾ ਹੈ ਅਤੇ ਅਧਿਆਪਕ ਵਰਗ ਨੂੰ ਹਾਸੀਏ 'ਤੇ ਧੱਕ ਦਿੱਤਾ ਗਿਆ ਹੈ। ਇਸ ਮੌਕੇ ਤੇਜਵੰਤ ਸਿੰਘ, ਪਰਦੀਪ ਸਿੰਘ, ਸੁਖਚੈਨ ਸਿੰਘ, ਅੱਛਰ ਦੇਵ, ਹਰਬੰਸ ਸਿੰਘ, ਨਵਦੀਪ ਕੌਰ, ਸੁਰਜੀਤ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰਰੀਤ ਸਿੰਘ, ਬਲਵੀਰ ਸਿੰਘ, ਸੁਖਬੀਰ ਸਿੰਘ, ਮਾ. ਧਰਮ ਸਿੰਘ ਰਾਈਏਵਾਲ, ਓਮਪਾਲ, ਬਲਵੀਰ ਸਿੰਘ, ਗੁਰਦੀਪ ਸਿੰਘ, ਅਮਰੀਕ ਸਿੰਘ, ਗੁਰਬੀਰ ਸਿੰਘ, ਗੁਰਸਿਮਰਨ ਸਿੰਘ, ਹਰਪਾਲ ਸਿੰਘ, ਚੰਦਨ ਸਿੰਘ, ਰਾਜੇਸ਼ ਕੁਮਾਰ, ਹਰਤੇਜ਼ ਸਿੰਘ, ਦਰਸ਼ਨ ਸਿੰਘ, ਭਗਵੰਤ ਸਿੰਘ ਆਦਿ ਮੌਜੂਦ ਸਨ।