ਪੱਤਰ ਪ੍ਰੇਰਕ, ਫ਼ਤਹਿਗੜ੍ਹ ਸਾਹਿਬ : ਸਿਹਤ ਵਿਭਾਗ ਵੱਲੋਂ ਦੰਦਾਂ ਦੇ ਰੋਗਾਂ ਤੋਂ ਬਚਾਅ ਅਤੇ ਇਲਾਜ ਸਬੰਧੀ 16 ਤੋਂ 30 ਨਵੰਬਰ ਤਕ ਡੈਂਟਲ ਸਿਹਤ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜਿਸ ਦੌਰਾਨ ਸਰਕਾਰੀ ਹਸਪਤਾਲਾਂ ਅਤੇ ਹੋਰ ਵੱਖ-ਵੱਖ ਥਾਵਾਂ 'ਤੇ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕਤਾ ਅਤੇ ਚੈੱਕਅਪ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਦੌਰਾਨ ਦੰਦਾਂ ਦਾ ਮੁਫਤ ਚੈੱਕਅਪ ਅਤੇ ਇਲਾਜ ਕੀਤਾ ਜਾਵੇਗਾ ਅਤੇ ਲੋੜਵੰਦਾਂ ਨੰੂ ਫਰੀ ਡੈਂਚਰ ਲਗਾਏ ਜਾਣਗੇ। ਇਸ ਡੈਂਟਲ ਪੰਦਰਵਾੜੇ ਦੀ ਜ਼ਿਲ੍ਹਾ ਹਸਪਤਾਲ ਤੋਂ ਸ਼ੁਰੂਆਤ ਕਰਦਿਆਂ ਸਿਵਲ ਸਰਜਨ ਡਾ. ਐੱਨਕੇ ਅਗਰਵਾਲ ਨੇ ਦੱਸਿਆ ਕਿ ਡੈਂਟਲ ਹੈਲਥ ਪੰਦਰਵਾੜੇ ਦੌਰਾਨ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ 'ਚ ਦੰਦਾਂ ਦੇ ਮੁਫਤ ਚੈੱਕਅਪ ਕੈਂਪ ਲਗਾ ਕੇ ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਲੋੜਵੰਦਾਂ ਦੇ ਡੈਂਚਰ ਵੀ ਮੁਫਤ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਦੰਦਾ ਦੀਆਂ ਬਿਮਾਰੀਆਂ ਤੋਂ ਬਚਣ ਲਈ ਸਮੇਂ ਸਿਰ ਚੈੱਕਅਪ ਕਰਵਾਉਣਾ ਬਹੁਤ ਜ਼ਰੂਰੀ ਹੈ। ਦੰਦਾਂ ਦੀਆਂ ਬਿਮਾਰੀਆਂ ਦੇ ਮਾਹਰ ਡਾ. ਸਤਨਾਮ ਸਿੰਘ ਬੰਗਾ ਅਤੇ ਡਾ. ਅੰਮਿ੍ਰਤ ਨੇ ਦੱਸਿਆ ਕਿ ਜ਼ਿਆਦਾ ਮਿੱਠੀਆਂ ਚੀਜ਼ਾਂ ਖਾਣ ਨਾਲ, ਚਾਹ ਅਤੇ ਕੌਫੀ ਜ਼ਿਆਦਾ ਲੈਣ ਨਾਲ ਜਾਂ ਤੰਬਾਕੂ ਆਦਿ ਦੀ ਵਰਤੋਂ ਕਰਨ ਨਾਲ ਦੰਦਾਂ 'ਚ ਪੀਲਾਪਨ, ਕਰੇੜਾ ਲੱਗਣਾ ਅਤੇ ਖੋੜਾਂ ਆਦਿ ਹੋਣ ਦਾ ਖਤਰਾ ਹੰੁਦਾ ਹੈ। ਉਨ੍ਹਾਂ ਦੱਸਿਆ ਕਿ ਦਿਨ 'ਚ 2 ਵਾਰੀ ਬਰੱਸ਼ ਕਰਨ ਨਾਲ, ਤਾਜ਼ੇ ਫਲ ਅਤੇ ਕੱਚੀਆਂ ਸਬਜ਼ੀਆਂ ਜਿਵੇਂ ਕਿ ਗਾਜਰ, ਮੂਲੀ, ਸਲਾਦ ਅਤੇ ਸਾਬਤ ਅਨਾਜ ਜਿਵੇਂ ਕਿ ਭੱੁਜੇ ਹੋਏ ਛੋਲੇ, ਮੱਕੀ ਦੇ ਦਾਣੇ ਆਦਿ ਖਾਣ ਨਾਲ ਦੰਦਾਂ ਦੀਆਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ.ਕਿਰਪਾਲ ਸਿੰਘ, ਜ਼ਿਲ੍ਹਾ ਡੈਂਟਲ ਸਿਹਤ ਅਫਸਰ ਡਾ. ਸੁਦਰ੍ਹਨ ਕੌਰ ਅਤੇ ਐੈੱਸਐੱਮਓ ਡਾ. ਕੁਲਦੀਪ ਸਿੰਘ ਮੌਜੂਦ ਸਨ।