ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਗੁਰੂ ਗੋਬਿੰਦ ਸਿੰਘ ਚੇਅਰ, ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਜਿਸ ਵਿਚ ਗੁਰਬਾਣੀ ਕੀਰਤਨ, ਕਵਿਤਾਵਾਂ, ਕਵੀਸ਼ਰੀ ਅਤੇ ਖੋਜ ਪੱਤਰ ਪੇਸ਼ ਕੀਤੇ ਗਏ। ਕਰੋਨਾ ਸੰਕਟ ਤੋਂ ਪਿਛੋਂ ਗੁਰੂ ਗੋਬਿੰਦ ਸਿੰਘ ਭਵਨ ਵਿਚ ਇਹ ਪਹਿਲਾ ਸਮਾਗਮ ਹੋਇਆ ਜਿਸ ਵਿਚ ਵਿਦਿਆਰਥੀਆਂ, ਖੋਜਾਰਥੀਆਂ ਅਤੇ ਅਧਿਆਪਕਾਂ ਨੇ ਸੰਗਤੀ ਰੂਪ ਵਿਚ ਹਾਜ਼ਰੀ ਲਗਵਾਈ। ਗੁਰੂ ਗੋਬਿੰਦ ਸਿੰਘ ਚੇਅਰ ਦੇ ਪ੍ਰਰੋ. ਇੰਚਾਰਜ ਡਾ. ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਸੰਮਾਗਮ ਦਾ ਆਰੰਭ ਗੁਰਬਾਣੀ ਪਾਠ ਨਾਲ ਹੋਇਆ ਅਤੇ ਫਿਰ ਧਰਮ ਅਧਿਐਨ ਦੇ ਵਿਦਿਆਰਥੀਆਂ ਨੇ ਗੁਰਬਾਣੀ ਅਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਵਿਚ ਸ਼ਬਦ ਗਾਇਨ ਕੀਤੇ। ਇਸ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਭਵਨ ਵਿਚ ਸੰਮੇਲਨ ਦਾ ਦੂਸਰਾ ਸ਼ੈਸ਼ਨ ਸ਼ੁਰੂ ਕੀਤਾ ਗਿਆ। ਇਸ ਸੰਮੇਲਨ ਵਿਚ ਵਿਚਾਰ ਪੇਸ਼ ਕਰਦਿਆਂ ਡਾ. ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਦੇਣ ਕਰਕੇ ਅੱਜ ਅਸੀਂ ਧਾਰਮਿਕ ਪੱਖੋਂ ਅਜ਼ਾਦ ਹਾਂ। ਗੁਰੂ ਸਾਹਿਬ ਨੇ ਸਰਬਸਾਂਝੀਵਾਲਤਾ ਦੇ ਸਿਧਾਂਤ ਨੂੰ ਲਾਗੂ ਕਰਨ ਲਈ ਹਿੰਸਾ ਨੂੰ ਖਤਮ ਕਰਨ ਲਈ ਮੁਰਦਾ ਰੂਹਾਂ ਵਿਚ ਜਾਨ ਪਾਈ ਅਤੇ ਖਾਲਸੇ ਦੀ ਸਿਰਜਨਾ ਕਰਕੇ ਸਰਬਸ਼ਾਂਝੇ ਭਾਈਚਾਰੇ ਦੀ ਨਵੀਂ ਫੋਜ਼ ਤਿਆਰ ਕੀਤੀ ਅਤੇ ਜੁਲਾਮ ਦਾ ਖਤਾਮਾ ਕਰਨ ਲਈ ਖਾਲਸੇ ਦੀ ਨਿਆਰੀ ਪਛਾਣ ਕਾਇਮ ਕੀਤੀ। ਡਾ. ਗੁਰਮੇਲ ਸਿੰਘ ਨੇ ਆਪਣੇ ਖੋਜ ਪੱਤਰ ਵਿਚ ਕਿਹਾ ਕਿ ਗੁਰੂ ਗੋਬਿੰਦ ਸਿੰਘ ਵਰਗੀ ਸ਼ਕਸ਼ੀਅਤ ਨਾ ਪੈਦਾ ਹੋਈ ਅਤੇ ਨਾ ਹੋਣੀ ਹੈ। ਪਰਿਵਾਰ ਦੀ ਸ਼ਹਾਦਤ ਅਤੇ ਜ਼ਿੰਦਗੀ ਜੀਣ ਦੇ ਉਚੇ ਸੁਚੇ ਕਿਰਦਾਰ ਦਿੇ ਸਿਰਜਕ ਗੁਰੂ ਸਾਹਿਬ ਦਾ ਸੰਘਰਸਮਈ ਜੀਵਨ ਦੁਨੀਆ ਭਰ ਦੇ ਲੋਕਾਂ ਲਈ ਰਾਹ ਦਰਸੇਵਾ ਹੈ। ਡਾ. ਅਰਵਿੰਦ ਰਿਤੂ ਨੇ ਕਿਹਾ ਕਿ ਆਪਣਾ ਤਿਆਗ ਕੋਈ ਵੀ ਕਰ ਸਕਦਾ ਹੈ ਪਰੰਤੂ ਪਰਿਵਾਰ ਨੂੰ ਮਨੁੱਖਤਾ ਲਈ ਵਾਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਹੀ ਸਨ ਜਿੰਨ੍ਹਾਂ ਦੀ ਸਾਡੇ ਲਈ ਦੇਣ ਹੈ। ਇਸ ਮੌਕੇ ਡਾ. ਰੁਪਿੰਦਰ ਕੌਰ, ਕਰਮਨ ਸਿੰਘ, ਹਰਮਨਪ੍ਰਰੀਤ ਸਿੰਘ, ਏਕਮ ਸਿੰਘ, ਗੁਰਦੀਪ ਸਿੰਘ, ਡਾ.ਸੰਪੂਰਨ ਸਿੰਘ ਟੱਲੇਵਾਲੀਆ, ਅਮਨਦੀਪ ਕੌਰ, ਵਿਭਾਗ ਦੇ ਮੁਖੀ ਡਾ. ਮੁਹੰਮਦ ਹਬੀਬ ਆਦਿ ਹਾਜ਼ਰ ਸਨ।