ਭਾਰਤ ਭੂਸ਼ਣ ਗੋਇਲ, ਸਮਾਣਾ : ਸਕੂਲ ਖੋਲ੍ਹਣ ਦੀ ਮੰਗ ਕਰ ਰਹੇ ਨਿੱਜੀ ਸਕੂਲਾਂ ਵਾਲਿਆਂ ਨੂੰ ਬੱਚਿਆਂ ਦੀ ਚਿੰਤਾ ਨਾ ਹੋ ਕੇ ਆਪਣੀਆਂ ਫੀਸਾਂ ਦੀ ਚਿੰਤਾ ਹੈ ਜਿਸ ਕਾਰਨ ਹੀ ਉਹ ਸਕੂਲ ਖੋਲ੍ਹਣ ਦਾ ਰੌਲਾ ਪਾ ਰਹੇ ਹਨ। ਪਰ ਪੰਜਾਬ ਸਰਕਾਰ ਨੂੰ ਬੱਚਿਆਂ ਦੀ ਚਿੰਤਾ ਹੈ ਜਿਸ ਕਾਰਨ ਉਹ ਅਜਿਹੀਆਂ ਧਮਕੀਆਂ ਅੱਗੇ ਝੁਕਣ ਨੂੰ ਤਿਆਰ ਨਹੀਂ ਤੇ ਜਦੋਂ ਤੱਕ ਪੰਜਾਬ ਵਿਚ ਕਰੋਨਾ ਮਹਾਮਾਰੀ ਦਾ ਅਸਰ ਘੱਟ ਨਹੀਂ ਜਾਂਦਾ, ਉਸ ਸਮੇਂ ਤੱਕ ਸਕੂਲਾਂ ਨੂੰ ਖੋਲ੍ਹਣ ਦਾ ਕੋਈ ਵਿਚਾਰ ਨਹੀਂ। ਇਹ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸਮਾਣਾ ਵਿਖੇ ਆਪਣੇ ਪਿਤਾ ਸਵ. ਸੰਤ ਰਾਤ ਸਿੰਗਲਾ ਦੀ ਬਰਸੀ ਮੌਕੇ ਸ਼ਰਧਾਂਜਲੀ ਦੇਣ ਮੌਕੇ ਕੀਤਾ।

ਸਿੱਖਿਆ ਮੰਤਰੀ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਆਪਣੀਆਂ ਫੀਸਾਂ ਦਾ ਡਰ ਸਤਾ ਰਿਹਾ ਹੈ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਸਕੂਲ ਨਾ ਖੁੱਲ੍ਹੇ ਤਾਂ ਉਨ੍ਹਾਂ ਦੀਆਂ ਫੀਸਾਂ ਨਹੀਂ ਆਉਣਗੀਆਂ ਪ੍ਰੰਤੂ ਪੰਜਾਬ ਸਰਕਾਰ ਨੂੰ ਬੱਚਿਆਂ ਦੇ ਜੀਵਨ ਦੀ ਚਿੰਤਾ ਹੈ ਤੇ ਉਹ ਕਿਸੇ ਵੀ ਕੀਮਤ ਤੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਬਰਦਾਸ਼ਤ ਨਹੀਂ ਕਰੇਗੀ। ਸਕੂਲ ਖੋਲ੍ਹਣ ਦਾ ਚੈਲੇਂਜ ਦੇਣ ਵਾਲੇ ਨਿੱਜੀ ਸਕੂਲਜ਼ ਐਸੋਸੀਏਸ਼ਨ ਦੇ ਪ੍ਰਧਾਨ ਜਾਂ ਦੂਜੇ ਅਧਿਕਾਰੀ ਬੱਚਿਆਂ ਦੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਹਨ ਕਿ ਜੇਕਰ ਸਕੂਲ ਖੁਲ੍ਹਣ ਤੇ ਕਿਸੇ ਬੱਚੇ ਨੂੰ ਕੁੱਝ ਹੁੰਦਾ ਹੈ ਤਾਂ ਬੱਚਿਆਂ ਦੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗੀ।

ਸਿੰਗਲਾ ਨੇ ਕਿਹਾ ਕਿ ਪਹਿਲਾ ਜਦੋਂ ਪੰਜਾਬ ਸਰਕਾਰ ਨੇ ਨਿੱਜੀ ਸਕੂਲਾਂ ਨੂੰ ਬੱਚਿਆਂ ਦੇ ਮਾਪਿਆਂ ਦੀ ਸਹਿਮਤੀ ਨਾਲ ਸਕੂਲ ਖੋਲ੍ਹਣ ਲਈ ਕਿਹਾ ਸੀ ਤਾਂ ਕੋਈ ਪ੍ਰਰਾਈਵੇਟ ਸਕੂਲ ਨਹੀਂ ਖੁੱਲਿ੍ਹਆ। ਹੁਣ ਜਦੋਂ ਪੰਜਾਬ ਵਿਚ ਕਰੋਨਾ ਮਹਾਮਾਰੀ ਦਾ ਪ੍ਰਕੋਪ ਕਾਫ਼ੀ ਵੱਧ ਗਿਆ ਹੈ ਤੇ ਕੇਂਦਰ ਸਰਕਾਰ ਮਾਹਰਾਂ ਦੀਆਂ ਟੀਮਾਂ ਤਿੰਨ ਸੂਬਿਆਂ ਵਿਚ ਭੇਜ ਰਹੀ ਹੈ। ਅਜਿਹੇ ਹਾਲਾਤ ਵਿਚ ਸੂਬੇ ਦੇ ਲੋਕਾਂ ਦੀ ਜਾਨ ਦੀ ਰਖਵਾਲੀ ਕਰਨ ਲਈ ਕੁੱਝ ਸਖ਼ਤੀਆਂ ਕਰਨਾ ਜ਼ਰੂਰੀ ਹੈ। ਉਨ੍ਹਾਂ ਰਾਜਸੀ, ਧਾਰਮਿਕ ਅਤੇ ਹੋਰ ਇੱਕਠ ਕਰਨ ਵਾਲਿਆਂ ਨੂੰ ਵੀ ਇਸ ਤੋਂ ਬਚਣ ਲਈ ਕਿਹਾ।

ਇਸ ਮੌਕੇ ਦੀਪਾ ਸਿੰਗਲਾ, ਡਾ. ਪ੍ਰੇਮਪਾਲ, ਸ਼ਾਮ ਲਾਲ ਸਿੰਗਲਾ, ਪ੍ਰਦਮਣ ਸਿੰਘ ਵਿਰਕ, ਟਿੰਕਾ ਗਾਜੇਵਾਸ, ਮੰਗਤ ਮਵੀ, ਚਰਨਦਾਸ ਅਤੇ ਸੱਤਪਾਲ ਵੀ ਹਾਜ਼ਰ ਸਨ।