ਸਟਾਫ ਰਿਪੋਰਟਰ, ਪਟਿਆਲਾ : ਅਦਾਲਤ 'ਚ ਪੇਸ਼ੀ ਲਈ ਆਇਆ ਕੈਦੀ ਮੁਲਾਜ਼ਮ ਤੋਂ ਹੱਥ ਛੁਡਾ ਕੇ ਭੱਜ ਗਿਆ ਜਿਸਨੂੰ ਪੁਲਿਸ ਨੇ ਫੁਰਤੀ ਦਿਖਾਉਂਦਿਆਂ ਕੁਝ ਦੂਰੀ 'ਤੇ ਕਾਬੂ ਕਰ ਲਿਆ। ਇਸ ਸਬੰਧੀ ਥਾਣਾ ਲਾਹੌਰੀ ਗੇਟ ਵਿਖੇ ਮੁਲਜ਼ਮ ਕਰਮਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਦਰਸ਼ਨ ਸਿੰਘ, ਸਹਾਇਕ ਥਾਣੇਦਾਰ ਚਮਕੌਰ ਸਿੰਘ ਦੀ ਅਗਵਾਈ ਵਾਲੀ ਟੀਮ ਨਾਭਾ ਦੀ ਅਤਿ ਸੁਰੱਖਿਆ ਜੇਲ੍ਹ ਤੇ ਨਵੀਂ ਜੇਲ੍ਹ 'ਚੋਂ ਕੈਦੀਆਂ ਤੇ ਹਵਾਲਾਤੀਆਂ ਨੂੰ ਸਰਕਾਰੀ ਗੱਡੀ ਰਾਹੀਂ ਪੇਸ਼ੀ ਲਈ ਪਟਿਆਲਾ ਦੀ ਜ਼ਿਲ੍ਹਾ ਅਦਾਲਤ 'ਚ ਲੈ ਕੇ ਆਏ ਸਨ। ਇਨ੍ਹਾਂ 'ਚੋਂ ਸੀਨੀਅਰ ਸਿਪਾਹੀ ਜਸਵਿੰਦਰ ਸਿੰਘ ਤੇ ਹੌਲਦਾਰ ਅਨਾਰ ਸਿੰਘ ਹਵਾਲਾਤੀ ਕਰਮਜੀਤ ਸਿੰਘ ਨੂੰ ਅਦਾਲਤ 'ਚ ਪੇਸ਼ ਕਰਕੇ ਦੂਸਰੀ ਮੰਜਿਲ 'ਤੇ ਆ ਰਹੇ ਸਨ। ਇਸੇ ਦੌਰਾਨ ਹੀ ਕਰਮਜੀਤ ਸਿੰਘ ਨੇ ਮੁਲਾਜ਼ਮਾਂ ਤੋਂ ਹੱਥ ਛੁਡਾ ਕੇ ਭੱਜ ਗਿਆ। ਫੁਰਤੀ ਵਰਤਦਿਆਂ ਹੌਲਦਾਰ ਅਨਾਰ ਸਿੰਘ ਨੇ ਕਰਮਜੀਤ ਨੂੰ ਕੁਝ ਦੂਰੀ 'ਤੇ ਹੀ ਕਾਬੂ ਕਰ ਲਿਆ। ਕਰਮਜੀਤ ਸਿੰਘ ਖ਼ਿਲਾਫ਼ ਪਟਿਆਲਾ ਦੇ ਥਾਣਾ ਤਿ੍ਪੜੀ ਵਿਖੇ ਦੋ ਅਕਤੂਬਰ ਨੂੰ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ, ਜਿਸ ਸਬੰਧੀ ਉਹ ਨਾਭਾ ਦੀ ਜੇਲ੍ਹ 'ਚ ਬੰਦ ਹੈ।