ਹਰਿੰਦਰ ਸ਼ਾਰਦਾ, ਪਟਿਆਲਾ

ਪੰਥਕ ਅਕਾਲੀ ਲਹਿਰ ਪੰਜਾਬ ਦੇ ਮੁੱਖ ਬੁਲਾਰੇ ਜੋਗਾ ਸਿੰਘ ਚਪੜ ਨੇ ਕਿਹਾ ਹੈ ਕਿ ਆਪਣੀਆਂ ਗਲਤੀਆਂ 'ਤੇ ਪਰਦਾ ਪਾਉਣ ਲਈ ਅਕਾਲੀ ਦਲ ਬਾਦਲ ਪਿੰਡ ਕਲਿਆਣ ਦੇ ਗੁਰਦੁਆਰਾ ਅਰਦਾਸਪੁਰਾ ਸਾਹਿਬ ਵਿਚੋਂ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੇ ਪੁਰਾਤਨ ਸਰੂਪ ਚੋਰੀ ਹੋਣ ਦੇ ਮਾਮਲੇ 'ਤੇ ਧਰਨੇ ਦੇ ਰਿਹਾ ਹੈ। ਇਥੇ ਪਟਿਆਲਾ ਮੀਡੀਆ ਕਲੱਬ ਪੱਤਰਕਾਰ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਜੋਗਾ ਸਿੰਘ ਚਪੜ ਜਿਨ੍ਹਾਂ ਦੇ ਨਾਲ ਪਾਰਟੀ ਦੇ ਆਗੂ ਗੁਰਚਰਨ ਸਿੰਘ ਬਾਰਨ, ਭੁਪਿੰਦਰ ਸਿੰਘ ਮਸੀਂਗਣ ਅਤੇ ਸੁਖਵਿੰਦਰ ਸਿੰਘ ਦੇਵੀਗੜ੍ਹ ਵੀ ਸਨ ਨੇ ਕਿਹਾ ਕਿ ਅਕਾਲੀ ਦਲ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਇਥੇ ਐਸਐਸਪੀ ਦਫ਼ਤਰ ਸਾਹਮਣੇ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੇ ਪੁਰਾਤਨ ਸਰੂਪ ਚੋਰੀ ਹੋਣ ਬਾਰੇ ਧਰਨੇ ਦਿੱਤੇ ਜਾ ਰਹੇ ਹਨ ਜਦੋਂ ਕਿ ਅਸਲੀਅਤ ਇਹ ਹੈ ਕਿ ਇਸ ਗੁਰਦੁਆਰਾ ਸਾਹਿਬ ਤੋਂ ਇਹ ਸਰੂਪ ਹੋਏ ਹਨ, ਉਸ ਦੀ 11 ਮੈਂਬਰੀ ਪ੍ਰਬੰਧਕ ਕਮੇਟੀ ਵਿਚੋਂ 9 ਮੈਂਬਰ ਅਕਾਲੀ ਦਲ ਬਾਦਲ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰੂਪਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਇਸ ਪ੍ਰਬੰਧਕ ਕਮੇਟੀ ਦੀ ਬਣਦੀ ਸੀ ਜੋ ਆਪਣੀ ਜ਼ਿੰਮੇਵਾਰੀ ਵਿਚ ਬੁਰੀ ਤਰ੍ਹਾਂ ਫੇਲ ਹੋਈ ਹੈ ਅਤੇ ਆਪਣੀ ਇਸ ਸਫਲਤਾ 'ਤੇ ਪਰਦਾ ਪਾਉਣ ਲਈ ਅਕਾਲੀ ਦਲ ਨੇ ਧਰਨੇ ਲਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸ਼ੋ੍ਮਣੀ ਅਕਾਲੀ ਦਲ ਇਸ ਸੰਵੇਦਨਸ਼ੀਲ ਅਤੇ ਭਾਵੁਕ ਮੁੱਦੇ 'ਤੇ ਰਾਜਨੀਤੀ ਕਰ ਰਿਹਾ ਹੈ। ਚਪੜ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਬੇਨਤੀ ਕਰਦੇ ਹਨ ਕਿ ਇਸ ਪ੍ਰਬੰਧਕ ਕਮੇਟੀ ਨੂੰ ਭੰਗ ਕਰਕੇ ਘੱਟੋ ਘੱਟ 11 ਮੈਂਬਰੀ ਸੁਹਿਰਦ ਪੰਥਕ ਗੁਰਸਿੱਖ ਕਮੇਟੀ ਨਿਯੁਕਤ ਕੀਤੀ ਜਾਵੇ। ਚਪੜ ਨੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਨੇ ਕਦੇ ਵੀ ਅਕਾਲੀ ਸਰਕਾਰ ਵਿਚ ਬਹਿਬਕਲ ਕਲਾਂ ਜਾਂ ਬਰਗਾੜੀ ਦੇ ਬੇਅਦਬੀ ਕਾਂਡ ਬਾਰੇ ਧਰਨੇ ਨਹੀਂ ਲਾਏ ਜਦੋਂ ਸੰਗਤਾਂ ਨੇ ਧਰਨੇ ਲਾਏ ਤਾਂ ਬਾਦਲ ਸਰਕਾਰ ਨੇ ਆਪਣੀ ਪੁਲਸ ਤੋਂ ਸਿੱਧੇ ਤੌਰ 'ਤੇ ਫਾਇਰਿੰਗ ਕਰਵਾ ਕੇ ਨਿਹੱਥੇ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ। ਸ਼ੋ੍ਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਲਾਏ ਧਰਨੇ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਸ਼ੋ੍ਮਣੀ ਕਮੇਟੀ ਪ੍ਰਧਾਨ ਦਾ ਫਰਜ਼ ਬਣਦਾ ਹੈ ਕਿ ਜੇਕਰ ਕਿਤੇ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਬੇਅਦਬੀ ਹੋਵੇਤਾਂ ਸ਼ੋ੍੍ਮਣੀ ਕਮੇਟੀ ਪ੍ਰਧਾਨ ਉਥੇ ਪਹੁੰਚਣ ਪਰ ਬਾਦਲ ਸਰਕਾਰ ਸਮੇਂ ਇਨ੍ਹਾਂ ਨੇ ਚੁੱਪੀ ਵੱਟੀ ਰੱਖੀ। ਉਨ੍ਹਾਂ ਨੇ ਸ਼ੋ੍ਮਣੀ ਕਮੇਟੀ ਪ੍ਰਧਾਨ ਤੋਂ 267 ਸਰੂਪ ਚੋਰੀ ਹੋਣ ਦੀ ਅਸਲੀਅਤ ਵੀ ਸੰਗਤਾਂ ਨੂੰ ਦੱਸਣ ਦੀ ਅਪੀਲ ਕੀਤੀ। ਪੰਥਕ ਅਕਾਲੀ ਲਹਿਰ ਦੇ ਆਗੂਆਂ ਨੇ ਕਿਹਾ ਕਿ ਜਿਸ ਤਰੀਕੇ ਸ਼ੋ੍ਮਣੀ ਕਮੇਟੀ ਨੇ ਸਿਰਸਾ ਵਾਲੇ ਸੌਦਾ ਸਾਧ ਨੂੰ ਮੁਆਫ ਕਰਨ ਵੇਲੇ 70-75 ਲੱਖ ਰੁਪਏ ਇਸ਼ਤਿਹਾਰਾਂ 'ਤੇ ਖਰਚੇ ਸਨ, ਉਸੇ ਤਰੀਕੇ ਹੁਣ ਬਾਦਲ ਦਲ ਵਲੋਂ ਲਾਏ ਜਾ ਰਹੇ ਧਰਨਿਆਂ 'ਤੇ ਸ਼ੋ੍ਮਣੀ ਕਮੇਟੀ ਦਾ ਪੈਸਾ ਖਰਚ ਹੋ ਰਿਹਾ ਹੈ।