ਪੀਐੱਸਪੀਸੀਐੱਲ, ਪੀਐੱਸਟੀਸੀਐੱਲ ਅਤੇ ਬੀਬੀਐੱਮਬੀ ਦੇ ਮੁੱਖ ਇੰਜੀਨੀਅਰਾਂ ਤੋਂ ਲੈ ਕੇ ਸਹਾਇਕ ਇੰਜੀਨੀਅਰਾਂ ਤੱਕ ਦੇ ਹਜ਼ਾਰ ਤੋਂ ਵੱਧ ਬਿਜਲੀ ਖੇਤਰ ਦੇ ਇੰਜੀਨੀਅਰ, ਸੇਵਾਮੁਕਤ ਸੀਨੀਅਰ ਅਧਿਕਾਰੀਆਂ ਅਤੇ ਵੱਖ-ਵੱਖ ਕਰਮਚਾਰੀ ਅਤੇ ਅਧਿਕਾਰੀ ਯੂਨੀਅਨਾਂ ਦੇ ਨੁਮਾਇੰਦਿਆਂ ਦੀ ਪਟਿਆਲਾ ਵਿੱਚ ਇਕ ਰਾਜ-ਪੱਧਰੀ ਵਿਰੋਧ ਮੀਟਿੰਗ ਲਈ ਇਕੱਠੇ ਹੋਏ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਏਕਤਾ ਤੇ ਸ਼ਕਤੀ ਦਾ ਪ੍ਰਦਰਸ਼ਨ ਕਰਦਿਆਂ ਪਾਵਰ ਇੰਜੀਨੀਅਰਾਂ ਨੇ ਰਾਜ ਦੇ ਬਿਜਲੀ ਖੇਤਰ ਦੀਆਂ ਜਾਇਦਾਦਾਂ ਦੀ ਰੱਖਿਆ ਲਈ ਮਤੇ ਪਾਸ ਕਰਨ ਦੇ ਨਾਲ ਰਾਜਨੀਤਿਕ ਦਖਲਅੰਦਾਜ਼ੀ ਦੀ ਨਿੰਦਾ ਕੀਤੀ ਅਤੇ ਅੰਦੋਲਨ ਨੂੰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਪੀਐੱਸਪੀਸੀਐੱਲ, ਪੀਐੱਸਟੀਸੀਐੱਲ ਅਤੇ ਬੀਬੀਐੱਮਬੀ ਦੇ ਮੁੱਖ ਇੰਜੀਨੀਅਰਾਂ ਤੋਂ ਲੈ ਕੇ ਸਹਾਇਕ ਇੰਜੀਨੀਅਰਾਂ ਤੱਕ ਦੇ ਹਜ਼ਾਰ ਤੋਂ ਵੱਧ ਬਿਜਲੀ ਖੇਤਰ ਦੇ ਇੰਜੀਨੀਅਰ, ਸੇਵਾਮੁਕਤ ਸੀਨੀਅਰ ਅਧਿਕਾਰੀਆਂ ਅਤੇ ਵੱਖ-ਵੱਖ ਕਰਮਚਾਰੀ ਅਤੇ ਅਧਿਕਾਰੀ ਯੂਨੀਅਨਾਂ ਦੇ ਨੁਮਾਇੰਦਿਆਂ ਦੀ ਪਟਿਆਲਾ ਵਿੱਚ ਇਕ ਰਾਜ-ਪੱਧਰੀ ਵਿਰੋਧ ਮੀਟਿੰਗ ਲਈ ਇਕੱਠੇ ਹੋਏ। ਇਹ ਰਾਜ ਪੱਧਰੀ ਮੀਟਿੰਗ ਪੀਐੱਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਦੁਆਰਾ ‘ਪੰਜਾਬ ਦੇ ਬਿਜਲੀ ਖੇਤਰ ਦੀ ਸਥਿਰਤਾ ਅਤੇ ਖੁਦਮੁਖਤਿਆਰੀ ਲਈ ਗੰਭੀਰ ਵਿਸ਼ੇ ਉੱਪਰ ਅਤੇ ਖਾਸ ਤੌਰ 'ਤੇ ਹਾਲ ਹੀ ਵਿੱਚ ਹੋਈਆਂ ਕਾਰਵਾਈਆਂ ਅਤੇ ਵਧ ਰਹੀ ਰਾਜਨੀਤਿਕ ਦਖਲਅੰਦਾਜ਼ੀ ਦੀ ਨਿੰਦਾ ਕਰਦੇ ਹੋਏ ਬੁਲਾਈ ਗਈ ਸੀ।
ਇਕੱਠੇ ਹੋਏ ਇੰਜੀਨੀਅਰਾਂ ਨੇ ਬਿਜਲੀ ਮੰਤਰੀ ਸੰਜੀਵ ਅਰੋੜਾ ਦੀਆਂ ਹਾਲੀਆ ਕਾਰਵਾਈਆਂ ਦੀ ਸਰਬਸੰਮਤੀ ਨਾਲ ਸਖ਼ਤ ਨਿੰਦਾ ਕੀਤੀ। ਇਸ ਮੌਕੇ ਖਾਸ ਤੌਰ 'ਤੇ ਬਿਜਲੀ ਖੇਤਰ ਦੀਆਂ ਜਾਇਦਾਦਾਂ ਅਤੇ ਸੰਪਤੀਆਂ ਨੂੰ ਵੇਚਣ ਦੇ ਕਦਮ, ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੋਪੜ ਵਿਖੇ ਦੋ 800 ਮੈਗਾਵਾਟ ਯੂਨਿਟਾਂ ਦੀ ਪ੍ਰਕਿਰਿਆ ਵਿੱਚ ਪੈਦਾ ਕੀਤੀਆਂ ਜਾ ਰਹੀਆਂ ਰੁਕਾਵਟਾਂ, ਅਤੇ ਨਾਜਾਇਜ਼ ਮੁਅੱਤਲੀ ਦਾ ਹਵਾਲਾ ਦਿੱਤਾ ਗਿਆ। ਇੰਜ. ਹਰੀਸ਼ ਸ਼ਰਮਾ, ਮੁਖ ਇੰਜੀਨੀਅਰ/ ਜੀਜੀਐਸਐਸਟੀਪੀ ਥਰਮਲ ਪਲਾਂਟ ਰੋਪੜ ਦੀ ਬਿਨਾਂ ਕਿਸੇ ਢੁੱਕਵੀਂ ਪ੍ਰਕਿਰਿਆ ਦੇ ਅਤੇ ਇੰਜ. ਹਰਜੀਤ ਸਿੰਘ, ਡਾਇਰੈਕਟਰ/ਜਨਰੇਸ਼ਨ ਦੀਆਂ ਸੇਵਾਵਾਂ ਨੂੰ ਗੈਰ-ਕਾਨੂੰਨੀ ਢੰਗ ਅਤੇ ‘ਬੇਬੁਨਿਆਦ ਅਤੇ ਮਨਘੜਤ ਤਕਨੀਕੀ ਆਧਾਰ’ ਨਾਲ ਹਟਾਉਣਾ ਦੀ ਨਿੰਦਾ ਕੀਤੀ ਗਈ। ਪਾਵਰ ਕਾਰਪੋਰੇਸ਼ਨ ਦੇ ਅੰਦਰ ਤਕਨੀਕੀ, ਪ੍ਰਸ਼ਾਸਕੀ ਅਤੇ ਖਰੀਦ ਫੈਸਲਿਆਂ ਵਿੱਚ ਗੈਰ-ਵਾਜਬ ਰਾਜਨੀਤਿਕ ਦਖਲਅੰਦਾਜ਼ੀ ਦੀ ਵੀ ਸਖਤ ਨਿੰਦਾ ਕੀਤੀ ਗਈ। ਇੰਜੀਨੀਅਰਾਂ ਨੇ ਗੰਭੀਰ ਚਿੰਤਾ ਪ੍ਰਗਟ ਕੀਤੀ ਕਿ ਇਹਨਾਂ ਮਨਮਾਨੀਆਂ ਕਾਰਵਾਈਆਂ ਨੇ ਬਿਜਲੀ ਖੇਤਰ ਦੇ ਕੰਮਕਾਜ ਨੂੰ ਬੁਰੀ ਤਰਾਂ ਵਿਗਾੜ ਦਿੱਤਾ ਹੈ, ਮੁੱਖ ਮੰਤਰੀ ਦੇ ‘ਜ਼ੀਰੋ ਪਾਵਰ ਆਊਟੇਜ’ ਦੇ ਨਿਰਦੇਸ਼ਾਂ ਨੂੰ ਕਮਜ਼ੋਰ ਕੀਤਾ ਹੈ ਅਤੇ ਪੰਜਾਬ ਦੇ ਨਾਗਰਿਕਾਂ ਲਈ ਬਿਜਲੀ ਸਪਲਾਈ ਦੀ ਲੰਬੇ ਸਮੇਂ ਦੀ ਭਰੋਸੇਯੋਗਤਾ ਲਈ ਗੰਭੀਰ ਖ਼ਤਰਾ ਪੈਦਾ ਕੀਤਾ ਹੈ।