ਨਵਦੀਪ ਢੀਂਗਰਾ, ਪਟਿਆਲਾ : ਪੰਜਾਬ ਦੇ ਸਰਕਾਰੀ ਥਰਮਲ ਝੋਨੇ ਦੇ ਸੀਜਨ ਤੋਂ ਪਹਿਲਾਂ ਹੀ ਜਵਾਬ ਦੇਣ ਲੱਗੇ ਹਨ। ਅੱਠ ਯੂਨਿਟਾਂ ਵਾਲੇ ਦੋ ਥਰਮਲਾਂ ਦੇ ਪੰਜ ਯੂਨਿਟ ਬੰਦ ਹੋ ਗਏ ਹਨ ਜਦੋਂਕਿ ਸਿਰਫ ਤਿੰਨ ਯੂਨਿਟਾਂ ਤੋਂ ਬਿਜਲੀ ਉਤਪਾਦਨ ਹੋ ਰਿਹਾ ਹੈ। ਸਾਂਭ ਸੰਭਾਲ ’ਤੇ ਕਰੋੜਾ ਰੁਪਏ ਖਰਚਣ ਤੋਂ ਬਾਅਦ ਵੀ 1760 ਮੈਗਾਵਾਟ ਵਾਲੇ ਸਰਕਾਰੀ ਥਰਮਲਾਂ ਤੋਂ ਮੰਗਲਵਾਰ ਨੂੰ ਸਿਰਫ 597 ਮੈਗਾਵਾਟ ਬਿਜਲੀ ਉਤਪਾਦਨ ਹੋਇਆ ਹੈ। ਜਦੋਂਕਿ ਤਿੰਨ ਨਿੱਜੀ ਥਰਮਲਾਂ ਤੋਂ 3133 ਮੈਗਾਵਾਟ ਬਿਜਲੀ ਉਤਪਾਦਨ ਹੋਇਆ ਹੈ। ਇਨਾਂ ਵਿਚੋਂ ਗੋਇੰਦਵਾਲ ਪਲਾਂਟ ਦਾ ਇਕ ਯੂਨਿਟ ਬੰਦ ਹੈ।

ਜਾਣਕਾਰੀ ਅਨੁਸਾਰ ਸੋਮਵਾਰ ਦੀ ਰਾਤ ਰੋਪੜ ਸਥਿਤ ਗੁਰੂ ਗੋਬਿੰਦਰ ਸਿੰਘ ਪਲਾਂਟ ਦਾ 210 ਮੈਗਾਵਾਟ ਸਮਰੱਥਾ ਵਾਲਾ ਪੰਜ ਨੰਬਰ ਯੂਨਿਟ ਬੰਦ ਹੋ ਗਿਆ ਹੈ। ਇਸਤੋਂ ਪਹਿਲਾਂ ਯੂਨਿਟ ਨੰਬਰ ਤਿੰਨ ਪਹਿਲਾਂ ਹੀ ਬੰਦ ਪਿਆ ਹੈ। ਇਸ ਪਲਾਂਟ ਦਾ ਬਿਜਲੀ ਉਤਪਾਦਨ ਸਮਰੱਥਾ 840 ਮੈਗਾਵਾਟ ਹੈ ਪਰ ਦੋ ਯੂਨਿਟ ਬੰਦ ਹੋਣ ਕਾਰਨ 420 ਮੈਗਾਵਾਟ ਬਿਜਲੀ ਉਤਪਾਦਨ ਘਟਿਆ ਹੈ। 920 ਮੈਗਾਵਾਟ ਸਮਰੱਥਾ ਵਾਲੇ ਲਹਿਰਾ ਮੁਹਬਤ ਪਲਾਂਟ ਦੇ ਤਿੰਨ ਯੂਨਿਟ ਈਐਸਪੀ ਇਕਾਈ ਵਿਚ ਵਾਪਰੇ ਹਾਦਸੇ ਕਾਰਨ ਬੰਦ ਪਏ ਹਨ ਤੇ ਮੰਗਲਵਾਰ ਨੂੰ ਇਥੋਂ ਸਿਰਫ 200 ਮੈਗਾਵਾਟ ਬਿਜਲੀ ਦਾ ਉਤਪਾਦਨ ਹੋਇਆ ਹੈ।ਨਿੱਜੀ ਥਰਮਲਾਂ ਵਿਚੋਂ ਰਾਜਪੁਰਾ ਸਥਿਤ ਨਾਭਾ ਪਾਵਰ ਪਲਾਂਟ ਤੇ ਤਲਵੰਡੀ ਸਾਬੋ ਪਾਵਰ ਪਲਾਂਟ ਪੂਰੀ ਸਮਰੱਥਾ ਨਾਲ ਕੰਮ ਕਰ ਰਿਹਾ ਹੈ ਜਦੋਂਕਿ ਜੀਵੀਕੇ ਪਲਾਂਟ ਦਾ 270 ਮੈਗਾਵਾਟ ਸਮਰੱਥਾ ਵਾਲਾ ਯੂਨਿਟ ਨੰਬਰ ਇਕ ਲੰਮੇ ਸਮੇਂ ਤੋਂ ਬੰਦ ਹੀ ਹੈ।

ਸਰਕਾਰੀ ਥਰਮਲਾਂ ’ਤੇ ਖਰਚੇ ਕਰੋੜਾਂ

ਸਰਕਾਰੀ ਅਧੀਨ ਆਉਂਦੇ ਲਹਿਰਾ ਪਲਾਂਟ ’ਤੇ ਸਾਲ 2020 ਵਿਚ ਪੱਕਾ ਖਰਚਾ (ਫਿਕਸਡ ਕੋਸਟ) 477.24 ਕਰੋੜ ਰੁਪਏ ਅਤੇ ਰੋਪੜ ’ਤੇ ਇਹੀ ਖਰਚਾ 503.45 ਕਰੋੜ ਕੀਤਾ ਗਿਆ, ਦੋਹਾਂ ਦਾ ਕੁੱਲ ਖਰਚਾ 980.69 ਕਰੋੜ ਬਣਦਾ ਹੈ। ਇਸ ਸਾਲ ਵਿਚ ਦੋਵੇਂ ਪਲਾਂਟ ਪੰਜ ਮਹੀਨੇ ਬੰਦ ਰਹੇ ਹਨ ਤੇ ਬਾਕੀ ਸੱਤ ਮਹੀਨਿਆਂ ਵਿਚ ਲਹਿਰਾ ਪਲਾਂਟ ਤੋਂ 823.86 ਮੀਲੀਅਨ ਯੂਨਿਟ ਤੇ ਰੋਪੜ ਪਲਾਂਟ ਤੋਂ 811.93 ਮੀਲੀਅਨ ਯੂਨਿਟ ਬਿਜਲੀ ਉਤਪਾਦਨ ਹੋਇਆ ਹੈ। ਇਸੇ ਤਰਾਂ ਸਾਲ 2021 ਵਿਚ ਲਹਿਰਾ ਮੁਹੁਬਤ ਪਲਾਂਟ ਤਿੰਨ ਮਹੀਨੇ ਰਿਹਾ ਤੇ ਇਸ ’ਤੇ 533.64 ਕਰੋੜ ਅਤੇ ਰੋਪੜ ਪਲਾਂਟ ’ਤੇ 565.05 ਕਰੋੜ ਰੁਪਏ ਦਾ ਫਿਕਸਡ ਕੋਸਟ ਦਾ ਖਰਚਾ ਕੀਤਾ ਗਿਆ,ਜੋਕਿ ਕੁੱਲ 1098.69 ਕਰੋੜ ਬਣਦਾ ਹੈ। ਨੌਂ ਮਹੀਨਿਆਂ ਵਿਚ ਇਨਾਂ ਤੋਂ ਕਰਮਵਾਰ 1848 ਤੇ 1648 ਮੀਲੀਅਨ ਯੂਨਿਟ ਬਿਜਲੀ ਉਤਪਾਦਨ ਹੋਇਆ ਹੈ। ਜਦੋਂਕਿ ਸਾਲ 22-23 ਲਈ ਰੋਪੜ ਪਲਾਂਟ ਲਈ 1519.38 ਕਰੋੜ ਅਤੇ 1451.64 ਕਰੋੜ ਕੁੱਲ ਖਰਚਾ ਦੱਸਿਆ ਗਿਆ ਹੈ, ਜੋਕਿ ਕੁੱਲ 2971.02 ਕਰੋੜ ਬਣਦਾ ਹੈ।

ਬਦਲੀਆਂ ’ਤੇ ਲੱਗੀ ਪਾਬੰਦੀ

ਝੋਨੇ ਦਾ ਸੀਜਨ ਨੇੜੇ ਆਉਂਦਾ ਦੇਖ ਪਾਵਰਕੌਮ ਨੇ ਬਦਲੀਆਂ ਤੇ ਪੋਸਟਿੰਗ ’ਤੇ ਪਾਬੰਦੀ ਲਗਾ ਦਿੱਤੀ ਹੈ। ਪੱਤਰ ਜਾਰੀ ਕਰਦਿਆਂ ਅੱਜ ਤੋਂ ਹੀ ਇਨਾਂ ਹੁਕਮਾਂ ਦੀ ਪਾਲਣਾਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਝੋਨੇ ਦਾ ਸੀਜਨ ਖਤਮ ਹੋਣ ਤੱਕ ਹੁਣ ਪਾਵਰਕੋਮ ਦੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਨਾ ਤਾਂ ਬਦਲੀ ਕੀਤੀ ਜਾਵੇਗੀ ਤੇ ਨਾਲ ਹੀ ਕਿਸੇ ਨੂੰ ਨਵੀਂ ਜਗ੍ਹਾ ’ਤੇ ਭੇਜਿਆ ਜਾਵੇਗਾ। ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪੋ ਆਪਣੇ ਸਟੇਸ਼ਨਾਂ ’ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।

Posted By: Tejinder Thind