ਪਾਵਰਕੌਮ ਦੇ ਦਫ਼ਤਰ ਅੱਗੇ ਕੀਤਾ ਰੋਸ ਮੁਜ਼ਾਹਰਾ
ਪਾਵਰਕੌਮ ਦੇ ਦਫਤਰ ਮੂਹਰੇ ਕੀਤਾ ਮੁਜਹਰਾ: ਬਿਜਲੀ ਬਿੱਲ ਦੀ ਸਾੜੀਆਂ ਕਾਪੀਆਂ
Publish Date: Tue, 09 Dec 2025 04:52 PM (IST)
Updated Date: Tue, 09 Dec 2025 04:54 PM (IST)

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਕਿਸਾਨਾਂ ਵੱਲੋਂ ਪਾਵਰਕੌਮ ਦਫਤਰ ਮੂਹਰੇ ਬਿਜਲੀ ਬਿੱਲ-2025 ਦੇ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ ਅਤੇ ਬਿਜਲੀ ਬਿੱਲ ਦੀ ਕਾਪੀਆਂ ਸਾੜੀਆਂ ਗਈਆਂ। ਕਿਸਾਨ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਬਿਜਲੀ ਬਿੱਲ ਰੱਦ ਕਰਨ ਦੀ ਮੰਗ ਕਰ ਰਹੇ ਸਨ। ਐਸਕੇਐਮ ਵਿੱਚ ਸ਼ਾਮਲ ਪੰਜਾਬ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਡਕੌਦਾ, ਕਿਸਾਨ ਯੂਨੀਅਨ ਚੜੂਨੀ, ਖੇਤ ਮਜ਼ਦੂਰ ਯੂਨੀਅਨ ਅਤੇ ਆਲ ਇੰਡੀਆ ਇੰਪਲਾਈਜ਼ ਫੈਡਰੇਸ਼ਨ ਦੇ ਵਰਕਰ ਪਾਵਰਕੌਮ ਦਫ਼ਤਰ ਬਨੂੜ ਮੂਹਰੇ ਇਕੱਠੇ ਹੋਏ। ਇਕੱਠ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਗੁਰਦਰਸਨ ਸਿੰਘ ਖਾਸਪੁਰ, ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਰਾਲਾ, ਗੁਰਪ੍ਰੀਤ ਸਿੰਘ ਸੇਖਨਮਾਜਰਾ, ਖੇਤ ਮਜਦੂਰ ਯੂਨੀਅਨ ਦੇ ਆਗੂ ਸਤਪਾਲ ਸਿੰਘ ਰਾਜੋਮਾਜਰਾ, ਚੜੂਨੀ ਦੇ ਆਗੂ ਸਤਨਾਮ ਸਿੰਘ ਢੇਸੀ, ਮੁਲਾਜਮ ਆਗੂ ਨਰਿੰਦਰ ਸ਼ਰਮਾ, ਫੈਡਰੇਸ਼ਨ ਆਗੂ ਅਮਰ ਨਾਥ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਐਸਕੇਐਮ ਵੱਲੋਂ ਦਿੱਲੀ ਲਾਏ ਮੋਰਚੇ ਦੌਰਾਨ ਮੰਨੀਆਂ ਮੰਗਾਂ ਵਿਚ ਬਿਜਲੀ ਬਿੱਲ ਵੀ ਸ਼ਾਮਲ ਸੀ, ਜਿਸ ਨੂੰ ਵਾਪਸ ਲੈਣ ਦੀ ਮੰਗ ਮੰਨੀ ਗਈ ਸੀ, ਪਰ ਇਹ ਬਿੱਲ ਦੁਬਾਰਾ ਲਿਆਂਦਾ ਹੈ, ਜੋ ਖਪਤਕਾਰਾਂ ਦੀ ਜੇਬ ਤੇ ਡਾਕਾ ਹੈ ਅਤੇ ਬਿਜਲੀ ਦੇ ਸਮੁੱਚੇ ਕੰਮਕਾਰ ਨੂੰ ਪ੍ਰਾਇਵੇਟ ਹੱਥਾਂ ਵਿੱਚ ਦੇਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਬੇਰੁਜ਼ਗਾਰੀ ਵਿਚ ਵਾਧਾ ਹੋਵੇਗਾ ਅਤੇ ਖਪਤਕਾਰਾਂ ਦੀ ਅੰਨੀ ਲੁੱਟ ਹੋਵੇਗੀ। ਉਨਾਂ ਤਿੰਨ ਖੇਤੀ ਕਾਨੂੰਨਾਂ ਦੀ ਤਰਜ਼ ਤੇ ਬਿਜਲੀ ਬਿੱਲ-2025 ਰੱਦ ਕਰਾਉਣ ਲਈ ਸਾਰੀਆਂ ਧਿਰਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ। ਅੰਤ ਉਨਾਂ ਬਿਜਲੀ ਬਿੱਲਾਂ ਦੀ ਕਾਪੀਆਂ ਵੀ ਸਾੜੀਆਂ ਗਈਆਂ ਅਤੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਗੀਰ ਸਿੰਘ ਹੰਸ਼ਾਲਾ, ਗੁਰਬਚਨ ਸਿੰਘ ਪ੍ਰੇਮਗੜ੍ਹ, ਦਲੇਰ ਸਿੰਘ, ਹਰਦੀਪ ਸਿੰਘ ਬੁਟਾ ਸਿੰਘ ਵਾਲਾ, ਜਸਵੀਰ ਸਿੰਘ ਖਲੋਰ, ਹਰੀ ਚੰਦ, ਪਿਆਰਾ ਸਿੰਘ ਪੰਛੀ, ਅਮਰ ਸਿੰਘ, ਇੰਦਰਜੀਤ ਸਿੰਘ, ਕਰਮਜੀਤ ਸਿੰਘ, ਡਾ ਨਿਸ਼ੀ ਕੁਮਾਰ, ਹਰਮੇਸ਼ ਸਿੰਘ ਆਦਿ ਕਿਸਾਨ ਮਜਦੂਰ ਤੇ ਮੁਲਾਜਮ ਹਾਜ਼ਰ ਸਨ।