ਪੱਤਰ ਪ੍ਰੇਰਕ, ਸਮਾਣਾ : ਪੰਜਾਬ ਪੁਲਿਸ ਨੇ ਭਗੌੜੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਤੇ ਉਨ੍ਹਾਂ ਦੀ ਜਾਇਦਾਦ ਅਟੈਚ ਕਰਵਾਉਣ ਸਬੰਧੀ ਮੁਹਿੰਮ ਵਿੱਢੀ ਗਈ ਹੈ। ਇਸ ਮੁਹਿੰਮ ਤਹਿਤ ਸਦਰ ਥਾਣਾ ਮੁਖੀ ਅੰਕੁਰਦੀਪ ਸਿੰਘ ਨੇ ਇਕ ਮਾਮਲੇ ’ਚ 25 ਲੱਖ ਰੁਪਏ ਦੀ ਜਾਇਦਾਦ ਅਟੈਚ ਕੀਤੀ ਹੈ।

ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਰਤਨਹੇੜੀ ਖ਼ਿਲਾਫ਼ 25 ਫਰਵਰੀ 1997 ’ਚ ਨਸ਼ਾ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ, ਜਿਸ ’ਚ ਉਹ ਜੇਲ੍ਹ ’ਚੋਂ ਪੈਰੋਲ ’ਤੇ ਜਾਣ ਉਪਰੰਤ ਵਾਪਸ ਨਹੀਂ ਮੁੜਿਆ। ਉਕਤ ਮੁਲਜ਼ਮ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ। ਭੁਪਿੰਦਰ ਸਿੰਘ ਪਰਿਵਾਰ ਦੀ ਮਿਲੀਭੁਗਤ ਨਾਲ ਪਿੰਡ ਰਤਨਹੇੜੀ ਤੋਂ ਆਪਣੀ ਜ਼ਮੀਨ-ਜਾਇਦਾਦ ਵੇਚ ਕੇ ਚਲਾ ਗਿਆ ਸੀ। ਉਕਤ ਮੁਲਜ਼ਮ ਨੇ ਆਪਣਾ ਨਾਂ ਬਦਲ ਕੇ ਗੁਰਦਿਆਲ ਸਿੰਘ ਪੁੱਤਰ ਸਤਨਾਮ ਸਿੰਘ ਰੱਖ ਲਿਆ ਤੇ ਕਰਨਾਲ (ਹਰਿਆਣਾ) ਜ਼ਿਲ੍ਹੇ ਦੇ ਪਿੰਡ ਮਤਡੋਲਾ ਵਿਖੇ ਆਪਣੇ ਜੀਜਾ ਸੁਖਦੇਵ ਸਿੰਘ ਵਾਸੀ ਗੁਲਾਹੜ ਕੋਲ ਰਹਿਣ ਲੱਗ ਪਿਆ।

ਪੁਲਿਸ ਵੱਲੋਂ ਸੁਖਦੇਵ ਸਿੰਘ ਨੂੰ ਉਕਤ ਮਾਮਲੇ ਨਾਲ ਜੋੜ ਦਿੱਤਾ ਗਿਆ ਸੀ। ਉਕਤ ਮੁਲਜ਼ਮ ਨੂੰ ਅਦਾਲਤ ਨੇ 18 ਮਾਰਚ 2017 ਨੂੰ ਭਗੌੜਾ ਕਰਾਰ ਦਿੱਤਾ ਸੀ। ਹੁਣ ਪੁਲਿਸ ਨੇ ਉਸ ਦੀ ਜ਼ਮੀਨ ਅਟੈਚ ਕਰ ਦਿੱਤੀ ਹੈ ਤਾਂ ਜੋ ਉਕਤ ਮੁਲਜ਼ਮ ਆਪਣੀ ਜ਼ਮੀਨ ਵੇਚ ਕੇ ਕਿਸੇ ਹੋਰ ਥਾਂ ਨਾ ਚਲਾ ਜਾਵੇ। ਉਕਤ ਮੁਲਜ਼ਮ ਦੀ 25 ਲੱਖ ਰੁਪਏ ਦੀ ਜਾਇਦਾਦ ਅਟੈਚ ਕਰਵਾਈ ਗਈ ਹੈ।

Posted By: Jagjit Singh