ਜਗਨਾਰ ਸਿੰਘ ਦੁਲੱਦੀ, ਨਾਭਾ

ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਦੀਆਂ ਹਦਾਇਤਾਂ ਤਹਿਤ ਸਥਾਨਕ ਸਿਵਲ ਹਸਪਤਾਲ ਵਿਖੇ ਐਸਐਮਓ ਡਾ. ਦਲਬੀਰ ਕੌਰ ਦੀ ਅਗਵਾਈ ਵਿਚ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ। ਡਾ. ਦਲਬੀਰ ਕੌਰ ਨੇ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ 11 ਜੁਲਾਈ ਤੋਂ 24 ਜੁਲਾਈ ਤੱਕ ਆਬਾਦੀ ਸਥਿਰਤਾ ਪੰਦਰਵਾੜਾ ਮਨਾਇਆ ਜਾ ਰਿਹਾ, ਕਿਉਂ ਜੋ ਸਾਡੇ ਦੇਸ਼ ਦੀ ਆਬਾਦੀ ਦਾ ਤੇਜੀ ਨਾਲ ਵੱਧਣਾ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਸਾਡੇ ਦੇਸ ਦੀ ਆਬਾਦੀ ਵੱਧਦੀ ਜਾਵੇਗੀ, ਉਸੇ ਤਰ੍ਹਾਂ ਸਾਡੇ ਕੁਦਰਤੀ ਸੋਮੇ ਪਾਣੀ, ਅਨਾਜ ਅਤੇ ਹੋਰ ਰੋਜਾਨਾ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਦੀ ਘਾਟ ਦਾ ਸਾਹਮਣਾ ਕਰਨਾ ਪਵੇਗਾ। ਐਸਐਮਓ ਨੇ ਕਿਹਾ ਕਿ ਵੱਧ ਰਹੀ ਆਬਾਦੀ ਤੇ ਕਾਬੂ ਪਾਉਣ ਲਈ ਲੜਕੇ ਅਤੇ ਲੜਕੀ ਦੀ ਸਹੀ ਉਮਰ ਵਿਚ ਸਾਦੀ, ਪਹਿਲੇ ਬੱਚੇ ਚ ਦੇਰੀ, ਬੱਚਿਆਂ ਵਿੱਚ ਘੱਟੋ ਘੱਟ ਤਿੰਨ ਸਾਲ ਦੇ ਅੰਤਰ ਤੋਂ ਇਲਾਵਾ ਸਿਰਫ ਦੋ ਹੀ ਬੱਚਿਆਂ ਨੂੰ ਜਨਮ ਦੇਣਾ ਚਾਹੀਦਾ। ਉਨ੍ਹਾਂ ਵੱਧ ਰਹੀ ਆਬਾਦੀ ਦੇ ਬੁਰ੍ਹੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਪਤੀ ਪਤਨੀ ਵਲੋਂ ਪਰਿਵਾਰ ਦੀ ਯੋਜਨਾਬੰਦੀ ਕਰ ਲੈਣੀ ਚਾਹੀਦੀ ਅਤੇ ਯੋਗ ਜੋੜਿਆਂ ਵਲੋਂ ਪਰਿਵਾਰ ਭਲਾਈ ਦੇ ਤਰੀਕੇ ਅਪਣਾਏ ਜਾਣੇ ਚਾਹੀਦੀ ਹਨ ਤਾਂ ਜੋ ਵੱਧ ਰਹੀ ਆਬਾਦੀ ਤੇ ਕਾਬੂ ਪਾਇਆ ਜਾ ਸਕੇ। ਡਿਪਟੀ ਮਾਸ ਮੀਡੀਆ ਅਫ਼ਸਰ ਕਰਨੈਲ ਸਿੰਘ ਨੇ ਕਿਹਾ ਕਿ ਵਿਸ਼ਵ ਆਬਾਦੀ ਦਿਵਸ ਮੌਕੇ ਆਮ ਲੋਕਾਂ ਨੂੰ ਪਰਿਵਾਰ, ਵਿਚਾਰ ਲਿੰਗ ਬਰਾਬਰਤਾ, ਮਨੁੱਖੀ ਅਧਿਕਾਰ ਅਤੇ ਸਿਹਤ ਸਬੰਧੀ ਜਾਣਕਾਰੀ ਦਿੱਤੀ ਜਾਂਦੀ। ਉਨ੍ਹਾਂ ਪਰਿਵਾਰ ਭਲਾਈ ਦੇ ਨਵੇਂ ਤਰੀਕੇ ਛਾਇਆ ਗੋਲੀ, ਅੰਤਰਾ ਟੀਕਾ ਅਤੇ ਦਸ ਸਾਲਾ ਕਾਪਰਟੀ, ਨਲਬੰਦੀ ਅਤੇ ਚੀਰਾ ਰਹਿਤ ਨਸਬੰਦੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਐਸਐਮਓ ਡਾ. ਦਲਬੀਰ ਕੌਰ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਫੀਲਡ ਵਿਚ ਕੰਮ ਕਰਦੇ ਫਰੰਟ ਲਾਈਨ ਵਰਕਰਜ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।