ਪਟਿਆਲਾ ਹੈਰੀਟੇਜ ਫੈਸਟੀਵਲ : ਕਿਲ੍ਹਾ ਮੁਬਾਰਕ ਤੇ ਬਹਾਦਰਗੜ੍ਹ ਦੀਆਂ ਟੀਮਾਂ ਦਰਮਿਆਨ ਹੋਇਆ ਸਖ਼ਤ ਮੁਕਾਬਲਾ

ਸਟਾਫ ਰਿਪੋਰਟਰ, ਪਟਿਆਲਾ : ਪਟਿਆਲਾ ਹੈਰੀਟੇਜ ਫੈਸਟੀਵਲ-2020 ਦੇ ਉਤਸਵਾਂ ਦੀ ਲੜੀ ਵਜੋਂ ਕਿਲਾ ਮੁਬਾਰਕ ਅਤੇ ਬਹਾਦਰਗੜ੍ਹ ਦੀਆਂ ਟੀਮਾਂ ਦਰਮਿਆਨ ਹੋਇਆ 'ਪਟਿਆਲਾ ਹੈਰੀਟੇਜ ਫੈਸਟੀਵਲ ਪੋਲੋ ਮੈਚ' ਦੋਵਾਂ ਟੀਮਾਂ ਦੇ ਸਖ਼ਤ ਮੁਕਾਬਲੇ ਮਗਰੋਂ ਬਹਾਦਰਗੜ੍ਹ ਦੀ ਟੀਮ ਨੇ 7-5 ਅੰਕਾਂ ਨਾਲ ਜਿੱਤ ਲਿਆ। ਇੱਥੇ ਸੰਗਰੂਰ ਰੋਡ ਵਿਖੇ ਸਥਿਤ ਪਟਿਆਲਾ ਪੋਲੋ ਐਂਡ ਰਾਇਡਿੰਗ ਕਲੱਬ 'ਚ ਅੱਜ ਕਰਵਾਏ ਗਏ ਇਸ ਮੈਚ ਦੇ ਮੁੱਖ ਮਹਿਮਾਨ ਵਜੋਂ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਨਗਰ ਨਿਗਮ ਮੇਅਰ ਸੰਜੀਵ ਸ਼ਰਮਾ ਬਿੱਟੂ, ਹਿੰਮਤ ਸਿੰਘ ਕਾਹਲੋਂ, ਈਸ਼ਵਰ ਪ੍ਰਰੀਤ ਕੌਰ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਫੈਸਟੀਵਲ ਦੇ ਨੋਡਲ ਅਫ਼ਸਰ ਪੂਨਮਦੀਪ ਕੌਰ, ਕਰਨਲ ਰੂਪੀ ਬਰਾੜ ਸਮੇਤ ਹੋਰ ਸ਼ਖ਼ਸੀਅਤਾਂ ਨੇ ਇਸ ਦਿਲਚਸਪ ਮੈਚ ਦਾ ਆਨੰਦ ਮਾਣਿਆਂ। ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਵਿਰਾਸਤੀ ਉਤਸਵ ਦੌਰਾਨ ਕਰਵਾਏ ਗਏ 'ਪਟਿਆਲਾ ਹੈਰੀਟੇਜ ਫੈਸਟੀਵਲ ਪੋਲੋ ਕੱਪ' ਦੌਰਾਨ ਕਿਲਾ ਮੁਬਾਰਕ ਅਤੇ ਬਹਾਦਰਗੜ੍ਹ ਦੀਆਂ ਟੀਮਾਂ ਦਰਮਿਆਨ ਸਖ਼ਤ ਮੁਕਾਬਲੇ ਵਾਲਾ ਮੈਚ ਹੋਇਆ। ਜਿਸ 'ਚ ਵੱਡੀ ਗਿਣਤੀ ਦਰਸ਼ਕਾਂ ਨੇ ਇਸ ਸਾਹਸ ਭਰਪੂਰ ਦਿਲਦਾਰ-ਜ਼ਾਨਦਾਰ ਤੇ ਦਿਲਕਸ਼ ਖੇਡ ਦਾ ਅਨੰਦ ਮਾਣਦਿਆਂ ਤਾੜੀਆਂ ਦੀ ਗੂੰਜ ਨਾਲ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ। 'ਪਟਿਆਲਾ ਹੈਰੀਟੇਜ ਫੈਸਟੀਵਲ ਪੋਲੋ ਮੈਚ' ਦੌਰਾਨ ਬਹਾਦਰਗੜ੍ਹ ਦੀ ਟੀਮ ਭਾਵੇਂ ਪਹਿਲੇ ਚੱਕਰ 'ਚ ਕੋਈ ਗੋਲ ਨਾ ਕਰ ਸਕੀ ਪ੍ਰੰਤੂ ਇਸ ਟੀਮ ਨੇ ਇਸ ਖੇਡ ਦੇ ਬਾਕੀ ਤਿੰਨੇ ਚੱਕਰਾਂ ਦੌਰਾਨ ਵਿਰੋਧੀ ਟੀਮ ਕਿਲਾ ਮੁਬਾਰਕ 'ਤੇ ਦਬਾਅ ਬਣਾਈ ਰੱਖਿਆ ਤੇ ਅੰਤ ਨੂੰ ਸਖ਼ਤ ਮੁਕਾਬਲੇ ਮਗਰੋਂ 7-5 ਗੋਲਾਂ ਦੇ ਫਰਕ ਨਾਲ ਜਿੱਤ ਲਿਆ। ਪਹਿਲੇ ਦੋਵਾਂ ਚੱਕਰ 'ਚ ਕਿਲਾ ਮੁਬਾਰਕ ਦੀ ਟੀਮ ਦੇ ਕਰਨਲ ਐਨ.ਐਸ ਸੰਧੂ ਨੇ ਦਬਾਅ ਬਣਾਉਂਦਿਆਂ 1 ਗੋਲ ਕੀਤਾ। ਪਹਿਲੇ ਚੱਕਰ ਮਗਰੋਂ ਬਹਾਦਰਗੜ੍ਹ ਦੀ ਟੀਮ ਨੇ ਗੋਲ ਬਣਾਉਣ ਦੀ ਸ਼ੁਰੂਆਤ ਕਰਦਿਆਂ 2 ਗੋਲ ਕੀਤੇ ਤੇ ਕਿਲਾ ਮੁਬਾਰਕ ਦੀ ਟੀਮ ਕੋਈ ਗੋਲ ਨਾ ਕਰ ਸਕੀ। ਤੀਜੇ ਗੇੜ ਦੌਰਾਨ ਬਹਾਦਰਗੜ੍ਹ ਟੀਮ ਨੇ ਦਬਾਅ ਜਾਰੀ ਰੱਖਦਿਆਂ 4 ਹੋਰ ਗੋਲ ਕੀਤੇ, ਇਸ ਚੱਕਰ 'ਚ ਗੋਲ ਕਰਨ ਲਈ ਕਿਲਾ ਮੁਬਾਰਕ ਟੀਮ ਦੇ ਕਰਨਲ ਐਨ.ਐਸ. ਸੰਧੂ, ਗੁਰਪਾਲ ਸਿੰਘ ਸੰਧੂ ਨੂੰ ਬਹਾਦਰਗੜ੍ਹ ਟੀਮ ਦੇ ਅਰਜਨ ਅਵਾਰਡੀ, 5 ਹੈਂਡੀਕੈਪ ਕਰਨਲ ਰਵੀ ਰਾਠੌਰ ਤੇ ਰੋਹਾਨ ਸਹਾਰਨ ਵੱਲੋਂ ਸਖ਼ਤ ਟੱਕਰ ਦਿੱਤੀ ਗਈ। ਆਖਰੀ ਗੇੜ 'ਚ ਕਿਲਾ ਮੁਬਾਰਕ ਟੀਮ ਦੇ ਰਜੇਸ਼ ਸਹਿਗਲ ਦੋ ਗੋਲ ਕਰਦਿਆਂ ਖੇਡ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਆਖਰੀ ਚੱਕਰ 'ਚ ਇਹ ਟੀਮ 5 ਗੋਲਾਂ 'ਤੇ ਸਿਮਟ ਗਈ। ਜਦੋਂਕਿ ਬਹਾਦਰਗੜ੍ਹ ਦੀ ਟੀਮ ਨੇ ਸਖ਼ਤ ਟੱਕਰ ਦਿੰਦਿਆਂ ਆਖਰੀ ਚੱਕਰ 'ਚ 7 ਗੋਲਾਂ ਨਾਲ ਮੁਕਾਬਲਾ ਜਿੱਤ ਲਿਆ। ਕਿਲਾ ਮੁਬਾਰਕ ਦੀ ਟੀਮ 'ਚ ਰਾਜੇਸ਼ ਸਹਿਗਲ, ਗੁਰਪਾਲ ਸਿੰਘ ਸੰਧੂ, ਕਰਨਲ ਐਨ.ਐਸ. ਸੰਧੂ ਅਤੇ ਜੈ ਸ਼ੇਰਗਿੱਲ ਸ਼ਾਮਲ ਸਨ। ਜਦੋਂਕਿ ਬਹਾਦਰਗੜ੍ਹ ਟੀਮ 'ਚ ਅਸ਼ਵਨੀ ਸ਼ਰਮਾ, ਦਫ਼ੇਦਾਰ ਵਿਜੇ ਸਿੰਘ, ਰੋਹਨ ਸਹਾਰਨ, ਅਰਜਨਾ ਅਵਾਰਡੀ ਕਰਨਲ ਰਵੀ ਰਾਠੌਰ ਵੀਐਸਐਮ ਸ਼ਾਮਲ ਸਨ। ਇਸ ਦੌਰਾਨ ਕਰਨਲ ਮਨੋਜ ਦਿਵਾਨ ਤੇ ਲੈਫ. ਕਰਨਲ ਪ੍ਰਤੀਕ ਮਿਸ਼ਰਾ ਨੇ ਅੰਪਾਇਰ ਵਜੋਂ ਅਤੇ ਰੈਫ਼ਰੀ ਵਜੋਂ ਕਰਨਲ ਆਰ.ਪੀ.ਐਸ. ਬਰਾੜ ਨੇ ਭੂਮਿਕਾ ਨਿਭਾਈ। ਜਦੋਂਕਿ ਕੁਮੈਂਟਰੀ ਕਰਨਲ ਸ਼ਕਤੀ ਰਾਠੌਰ ਨੇ ਬਾਖੂਬੀ ਕੀਤੀ। ਇਸ ਤੋਂ ਮਗਰੋਂ ਗੁਰਪਾਲ ਸਿੰਘ ਸੰਧੂ, ਰਜੇਸ਼ ਸਹਿਗਲ, ਪੀ.ਪੀ.ਐਸ. ਸਕੂਲ ਨਾਭਾ ਅਤੇ ਫ਼ੌਜ ਦੇ 61 ਕੈਵਲਰੀ ਦੇ ਘੋੜ ਸਵਾਰ ਵਿਦਿਆਰਥੀਆਂ ਨੇ ਘੋੜਸਵਾਰੀ ਦੇ ਕਰਤੱਬ ਦਿਖਾਏ। ਇਨ੍ਹਾਂ ਜਾਨਦਾਰ ਘੋੜ ਸਵਾਰਾਂ ਨੇ ਘੋੜਸਵਾਰੀ ਕਰਦਿਆਂ ਖੜੇ ਹੋਕੇ ਸਲਿਊਟ, ਲੈਂਸ ਪੈਗ, ਤੀਹਰੀ ਟੈਂਟ ਪੈਗਿੰਗ, ਇੰਡੀਅਨ ਫਾਇਲ, ਰੁਮਾਲ ਚੁੱਕਣਾ, ਟਿ੍ਕ ਟੈਂਟ ਪੈਗਿੰਗ ਆਦਿ ਕਰਤੱਬ ਦਿਖਾਏ।