ਬੀਬੀ ਜੈਇੰਦਰ ਕੌਰ ਤੇ ਹਮਾਇਤੀ ਕੌਂਸਲਰਾਂ ਨਾਲ ਮੇਅਰ ਦਫਤਰ ਪੁੱਜੇ ਸੰਜੀਵ ਸ਼ਰਮਾ

ਨਵਦੀਪ ਢੀਂਗਰਾ, ਪਟਿਆਲਾ

ਮੇਅਰ ਦੇ ਮਾਮਲੇ 'ਤੇ ਸ਼ਹਿਰ ਜਾਂ ਪੰਜਾਬ ਹੀ ਨਹੀਂ ਸਗੋਂ ਕੇਂਦਰ ਸਰਕਾਰ ਤਕ ਦੀ ਨਜ਼ਰ ਬਣੀ ਹੋਈ ਹੈ। ਸ਼ਹਿਰ ਦਾ ਮੇਅਰ ਹਟਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵੱਲੋਂ ਝਟਕਾ ਦੇਣ ਦੀਆਂ ਕੋਸ਼ਿਸ਼ਾਂ 'ਚ ਕੇਂਦਰ ਸਰਕਾਰ ਵੱਲੋਂ ਵੀ ਦਿਲਚਸਪੀ ਲਈ ਜਾ ਰਹੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਮੇਅਰ ਬਦਲਣ ਦੀ ਸ਼ੁਰੂ ਹੋਈ ਕਵਾਇਦ ਸਬੰਧੀ ਕੇਂਦਰ ਤੋਂ ਫੋਨ ਖੜਕੇ ਹਨ, ਜਿਸ ਦੀ ਧਮਕ ਹੁਣ ਪਟਿਆਲਾ 'ਚ ਪੈਣ ਲੱਗੀ ਹੈ। ਦੋ ਦਿਨ ਤੋਂ ਸੰਜੀਵ ਸ਼ਰਮਾ ਬਿੱਟੂ ਮੇਅਰ ਦਫਤਰ 'ਚ ਗੱਜ ਰਹੇ ਹਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਹਿੱਕ ਤਾਣ ਕੇ ਖੜਣ ਵਾਲੀ ਪੁਲਿਸ ਹੁਣ ਅੱਖਾਂ 'ਚ ਪਾਏ ਸੂਰਮੇ ਜਿੰਨਾ ਵੀ ਨਹੀਂ ਰਿੜਕ ਰਹੀ ਹੈ।

------------------------

'ਕੈਪਟਨ ਅਮਰਿੰਦਰ ਅੱਗੇ ਵਧੋ, ਪੰਜਾਬ ਤੁਹਾਡੇ ਨਾਲ ਹੈ'

ਨਗਰ ਨਿਗਮ ਦਾ ਵਿਹੜਾ ਕਿਸੇ ਸਿਆਸੀ ਰੈਲੀ ਦਾ ਰੂਪ ਧਾਰ ਗਿਆ, ਜਿਥੇ ਮੌਜੂਦ ਮੇਅਰ ਸਮਰਥਕਾਂ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਪਰਨੀਤ ਕੌਰ ਦੇ ਹੱਕ 'ਚ ਨਾਅਰੇਬਾਜ਼ੀ ਕੀਤੀ ਗਈ। ਮੇਅਰ ਦਫਤਰ ਦੇ ਅੰਦਰ ਵੀ 'ਕੈਪਟਨ ਅਮਰਿੰਦਰ ਅੱਗੇ ਵਧੋ, ਪੰਜਾਬ ਤੁਹਾਡੇ ਨਾਲ ਹੈ' ਤੇ ਮਹਾਰਾਣੀ ਪਰਨੀਤ ਕੌਰ ਜਿੰਦਾਬਾਦ ਦੇ ਨਾਅਰੇ ਗੂੰਜਦੇ ਰਹੇ। ਬੱੁਧਵਾਰ ਨੂੰ ਹਾਈਕੋਰਟ 'ਚ ਪੇਸ਼ੀ ਤੋਂ ਬਾਅਦ ਦੁਪਹਿਰ ਸਮੇਂ ਮੇਅਰ ਸੰਜੀਵ ਸ਼ਰਮਾ ਬਿੱਟੂ ਆਪਣੇ ਸਮਰਥਕ ਕੌਂਸਲਰਾਂ ਨੂੰ ਨਾਲ ਲੈ ਕੇ ਮੇਅਰ ਦਫਤਰ 'ਚ ਪੁੱਜੇ ਸਨ। ਦਫਤਰ 'ਚ ਦਾਖਲ ਹੋਣ 'ਤੇ ਸੰਜੀਵ ਸ਼ਰਮਾ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਮੱਥੇ ਤਿਲਕ ਲਾ ਕੇ ਹਰ ਮੈਦਾਨ ਜਿੱਤਣ ਦੀਆਂ ਸ਼ੱੁਭ ਕਾਮਨਾਵਾਂ ਵੀ ਦਿੱਤੀਆਂ।

--------------------------

ਬੀਬਾ ਜੈਇੰਦਰ ਕੌਰ ਦੀ ਸਨਮਾਨ ਬਹਾਲੀ

ਸਾਬਕਾ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ ਨੂੰ ਅੱਜ ਮੇਅਰ ਦਫਤਰ 'ਚ ਸੰਜੀਵ ਸ਼ਰਮਾ ਵੱਲੋਂ ਵਿਸ਼ੇਸ ਤਵੱਜੋਂ ਦਿੱਤੀ ਗਈ। 25 ਨਵੰਬਰ ਨੂੰ ਸਾਬਕਾ ਮੁੱਖ ਮੰਤਰੀ ਨਾਲ ਪੁੱਜੇ ਬੀਬਾ ਜੈਇੰਦਰ ਕੌਰ ਨੂੰ ਨਿਗਮ ਦਫਤਰ ਦੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਸੀ। ਜਨਰਲ ਹਾਊਸ ਦੀ ਬੈਠਕ ਦੌਰਾਨ ਕਰੀਬ ਢਾਈ ਘੰਟੇ ਬੀਬਾ ਜੈਇੰਦਰ ਕੌਰ ਬਾਹਰ ਖੜ੍ਹ ਕੇ ਇੰਤਜ਼ਾਰ ਕਰਦੇ ਰਹੇ ਤੇ ਬੈਠਣ ਲਈ ਕੁਰਸੀ ਤਕ ਨਾ ਦੇ ਕੇ ਸਨਮਾਨ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਤੋਂ ਬਾਅਦ ਅੱਜ ਸੰਜੀਵ ਸ਼ਰਮਾ ਬਿੱਟੂ ਨੇ ਬੀਬਾ ਜੈਇੰਦਰ ਨੂੰ ਵਿਸ਼ੇਸ਼ ਤਵੱਜੋਂ ਦੇ ਕੇ ਉਸੇ ਦਫਤਰ 'ਚ ਵਿਸ਼ੇਸ ਸਨਮਾਨ ਵੀ ਦਿੱਤਾ।

--------------------

ਵਿਰੋਧੀ ਧੜਾ ਰਿਹਾ ਗਾਇਬ

ਮੇਅਰ ਦਫਤਰ 'ਚ ਕੈਪਟਨ ਦੇ ਧੜੇ ਦੀ ਮੌਜੂਦਗੀ ਦੌਰਾਨ ਬ੍ਹਮ ਧੜਾ ਗਾਇਬ ਰਿਹਾ। ਪਿਛਲੇ ਦੋ ਦਿਨਾਂ ਤੋਂ ਮੇਅਰ ਕੁਰਸੀ ਮਿਲਣ ਦੀ ਆਸ 'ਚ ਸਰਗਰਮ ਹੋਏ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਵੀ ਅੱਜ ਦਫਤਰ 'ਚ ਕੁਝ ਸਮਾਂ ਹੀ ਰੁਕੇ ਤੇ ਹਮਾਇਤੀ ਕੌਂਸਲਰਾਂ ਦੀ ਭੀੜ ਵੀ ਨਾ ਦਿਖੀ। ਯੋਗਿੰਦਰ ਸਿੰਘ ਯੋਗੀ ਨੇ ਕਿਹਾ ਅੱਜ ਉਹ ਸਵੇਰੇ ਕੁਝ ਸਮਾਂ ਦਫਤਰ ਗਏ ਸਨ। ਸੰਜੀਵ ਸ਼ਰਮਾ ਬਿੱਟੂ ਦੇ ਦਫਤਰ ਪੁੱਜਣ ਦੇ ਸਵਾਲ 'ਤੇ ਯੋਗੀ ਨੇ ਕਿਹਾ ਕਿ ਮਾਮਲਾ ਹਾਲੇ ਅਦਾਲਤ 'ਚ ਹੈ ਤੇ ਅਗਲੀ ਸੁਣਵਾਈ 'ਤੇ ਫੈਸਲਾ ਹੋ ਜਾਵੇਗਾ, ਇਸ ਤੋਂ ਪਹਿਲਾਂ ਕੁਝ ਕਹਿਣਾ ਠੀਕ ਨਹੀ ਹੈ।

----------------------------

ਪਹਿਲਾਂ ਦੀ ਤਰਾਂ੍ਹ ਕੰਮ ਕਰਦਾ ਰਹਾਂਗਾ : ਮੇਅਰ ਬਿੱਟੂ

ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਉਹ ਕੈਪਟਨ ਅਮਰਿੰਦਰ ਸਿੰਘ ਤੇ ਪਰਨੀਤ ਕੌਰ ਦੇ ਧੰਨਵਾਦੀ ਹਨ, ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਹਰ ਮੈਦਾਨ ਜਿੱਤੇ ਹਨ, ਤੇ ਹੁਣ ਅਦਾਲਤ 'ਚ ਵੀ ਸੱਚ ਦੀ ਹੀ ਜਿੱਤ ਹੋਵੇਗੀ। ਮੇਅਰ ਨੇ ਕਿਹਾ ਅਦਾਲਤੀ ਦੀ ਕਾਰਵਾਈ ਬਾਰੇ ਉਹ ਕੁਝ ਨਹੀਂ ਕਹਿਣਾ ਚਾਹੁੰਦੇ ਤੇ ਅਦਾਲਤ ਦਾ ਹਰ ਫੈਸਲਾ ਮੰਨਣਯੋਗ ਹੋਵੇਗਾ। ਬਿੱਟੂ ਨੇ ਕਿਹਾ ਕਿ ਨਿਯਮਾਂ ਤਹਿਤ ਉਹ ਪਹਿਲਾਂ ਦੀ ਤਰ੍ਹਾ ਆਪਣੀ ਡਿਊਟੀ ਨਿਭਾਉਂਦੇ ਰਹਿਣਗੇ।