ਭਾਰਤ ਭੂਸ਼ਣ ਗੋਇਲ, ਸਮਾਣਾ

ਪੰਜਾਬ ਸਰਕਾਰ ਵਲੋਂ 'ਸਵੱਛ ਭਾਰਤ ਅਭਿਆਨ' ਤਹਿਤ ਨਗਰ ਕੌਂਸਲ ਕੰਪਲੈਕਸ ਦੀ ਪਾਰਕ ਵਿਚ ਗਿੱਲੇ-ਸੁੱਕੇ ਕੂੜੇ ਦੀ ਛਾਂਟੀ ਕਰ ਕੇ ਖਾਦ ਬਣਾਉਣ ਦਾ ਪ੍ਰਰੋਜੈਕਟ ਲਗਾਉਣ ਦੇ ਸਮਾਣਾ 'ਚ ਹੋਏ ਵਿਰੋਧ ਦੌਰਾਨ ਨਗਰ ਕੌਂਸਲ ਸਮਾਣਾ ਦੇ ਪ੍ਰਧਾਨ ਖਿਲਾਫ਼ ਵਰਤੀ ਗਈ ਗਲਤ ਸ਼ਬਦਾਵਲੀ ਤੋਂ ਭੜਕੇ ਪ੍ਰਧਾਨ ਕਪੂਰ ਚੰਦ ਬਾਂਸਲ ਨੇ ਇਸ ਨੂੰ ਰਾਜਨੀਤਿਕ ਸਟੰਟ ਦੱਸਿਆ।

ਨਗਰ ਕੌਸਲ ਸਮਾਣਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਗਰ ਕੌਂਸਲ ਸਮਾਣਾ ਦੇ ਪ੍ਰਧਾਨ ਕਪੂਰ ਚੰਦ ਬਾਂਸਲ ਨੇ ਕਿਹਾ ਅਕਾਲੀ-ਭਾਜਪਾ ਸਰਕਾਰ ਵੇਲੇ ਬਣਾਈ ਗਈ ਪਾਰਕ ਵਿਚ ਇਸ ਪੀਟ ਬਣਾਉਣ ਦੇ ਪ੍ਰਰੋਜੈਕਟ ਨੂੰ ਲਗਾਉਣ ਲਈ ਨਗਰ ਕੌਂਸਲਰਾਂ ਨਾਲ ਨਾ ਕੋਈ ਮੀਟਿੰਗ ਹੋਈ ਹੈ ਅਤੇ ਨਾ ਹੀ ਕੋਈ ਮਤਾ ਪਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ 10 ਸਾਲ ਦੇ ਕਾਰਜਕਾਲ ਦੌਰਾਨ ਸ਼ਹਿਰ ਵਿਚ ਤਹਿਸੀਲ ਕੰਪਲੈਕਸ ਨੇੜੇ ਨਵੀ ਬਣਾਈ ਗਈ ਪਾਰਕ, ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ 11 ਨਵੇ ਟਿਊਬਵੈਲ, ਵੜੈਚਾਂ ਰੋਡ ਤੇ 23 ਕਿਲੇ ਅਤੇ ਨਗਰ ਕੌਂਸਲ ਦਫ਼ਤਰ ਨੇੜੇ ਢਾਈ ਕਿੱਲੇ ਦਬੀ ਹੋਈ ਜ਼ਮੀਨ ਦਾ ਕਬਜ਼ਾ ਛੁਡਾਉਣ, ਫਾਇਰ ਬਿ੍ਗੇਡ ਦੀਆਂ ਗੱਡੀਆਂ ਖਰੀਦਣ ਤੋਂ ਇਲਾਵਾ 15 ਕਰੋੜ ਰੁਪਏ ਖਰਚ ਕੇ ਬਿਜਲੀ ਦੀਆਂ ਨਵੀਆਂ ਤਾਰਾਂ ਵਿਛਾਉਣ ਵਰਗੇ ਕਾਰਜ ਸਿਰਫ਼ ਅਕਾਲੀ -ਭਾਜਪਾ ਸਰਕਾਰ ਵੇਲੇ ਹੀ ਹੋਏ ਹਨ। ਬਾਂਸਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਸਮਾਣਾ ਸ਼ਹਿਰ ਵਿਚੋਂ 2400 ਵੋਟਾਂ ਦੇ ਫਰਕ ਨਾਲ ਹਾਰਨ ਵਾਲੀ ਕਾਂਗਰਸ ਦੇ ਲੋਕਲ ਲੀਡਰ ਆਪਣੀਆਂ ਇਨ੍ਹਾਂ ਕਮਜੋਰੀਆਂ ਨੂੰ ਛੁਪਾਉਣ ਲਈ ਇਹ ਧਰਨੇ ਮੁਜਾਹਰੇ ਕਰ ਰਹੇ ਹਨ।

ਇਸ ਮੌਕੇ ਕੌਂਸਲਰ ਰਾਮ ਲਾਲ ਪੱਪੀ, ਜਗਤਾਰ ਸਿੰਘ ਸੰਧੂ, ਸੁਰਜੀਤ ਰਾਮ ਪੱਪੀ, ਦਰਸ਼ਨ ਵੜੈਚਾਂ, ਰਾਜ ਕੁਮਾਰ ਰਾਜੂ, ਰਾਜੇਸ਼ ਆਦੀਵਾਲ, ਰਾਮੇਸ਼ ਸ਼ਰਮਾ,ਅਜੇ ਭਿੰਡੀ, ਕਿਸ਼ੋਰੀ ਲਾਲ ਆਦਿ ਵੀ ਹਾਜ਼ਰ ਸਨ।

ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੇ ਦੱਸਿਆ ਕਿ ਸਾਡੇ ਕੋਲ ਇਹ ਪ੍ਰਰੋਜੈਕਟ ਲਗਾਉਣ ਲਈ ਜਗ੍ਹਾ ਨਾ ਹੋਣ ਕਾਰਨ ਇਸ ਪ੍ਰਰੋਜੈਕਟ ਦੀ ਸ਼ੁਰੂਆਤ ਆਪਣੇ ਘਰ ਤੋਂ ਕੀਤੀ ਹੈ। ਜਿਸ ਵਿਚ ਕੇਵਲ ਸ਼ਹਿਰ ਦਾ ਹੀ ਕੂੜਾ ਆਵੇਗਾ। ਉਨ੍ਹਾਂ ਕਿਹਾ ਕਿ ਇਹ ਸਵੱਛ ਭਾਰਤ ਸਕੀਮ ਕੇਂਦਰ ਸਰਕਾਰ ਦੀ ਹੀ ਅਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਤੇ ਇਹ ਪ੍ਰਰੋਜੈਕਟ ਸ਼ੁਰੂ ਕੀਤਾ ਗਿਆ ਹੈ।