ਹਰਿੰਦਰ ਸ਼ਾਰਦਾ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਪੁਲਿਸ ਦੇ ਦਖ਼ਲ ਦੇ ਵਿਰੋਧ 'ਚ ਵਿਦਿਆਰਥੀਆਂ ਨੇ ਮੁੱਖ ਗੇਟ ਤੇ ਧਰਨਾ ਲਗਾ ਦਿੱਤਾ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਵਿਦਿਆਰਥੀ ਸੰਦੀਪ ਕੌਰ,ਮਨਪ੍ਰੀਤ ਕੌਰ, ਬਲਕਾਰ ਸਿੰਘ ਆਦਿ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਪਿਛਲੇ ਚਾਰ ਪੰਜ ਦਿਨਾਂ ਤੋਂ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ ਜਿਸ ਨੂੰ ਲੈ ਕੇ ਯੂਨੀਵਰਸਿਟੀ ਵਿਚ ਮੁਲਾਜ਼ਮਾਂ ਵੱਲੋਂ ਕੂੜੇ ਦੇ ਢੇਰ ਲਗਾ ਦਿੱਤੇ ਗਏ ਹਨ। ਪ੍ਰੰਤੂ ਮੁਲਾਜ਼ਮਾਂ ਦੀ ਮੰਗਾਂ ਦੀ ਸੁਣਵਾਈ ਕਰਨ ਦੀ ਥਾਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇੰਨਾ ਜ਼ਿਆਦਾ ਮਜਬੂਰ ਹੋਣਾ ਪਿਆ ਹੈ ਕਿ ਉਨ੍ਹਾਂ ਨੂੰ ਪੁਲਿਸ ਬੁਲਾਉਣੀ ਪਈ ਹੈ ਜਦਕਿ ਅਜਿਹੇ ਸਮੇਂ ਦੇ ਵਿਚ ਚਾਹੀਦਾ ਸੀ ਕਿ ਮੁਲਾਜ਼ਮਾਂ ਦੀਆਂ ਮੰਗਾਂ ਹੱਲ ਕੀਤੀਆਂ ਜਾਣ।

ਬਲਕਿ ਮੁਲਾਜ਼ਮਾਂ ਤੇ ਹੀ ਝੂਠੇ ਪਰਚੇ ਪਾਉਣ ਦਾ ਹੁਣ ਪ੍ਰਸ਼ਾਸਨ ਵੱਲੋਂ ਦਬਾਅ ਵੀ ਬਣਾਇਆ ਜਾ ਰਿਹਾ ਹੈ ਜਿਸ ਨੂੰ ਵਿਦਿਆਰਥੀ ਵੀ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਇਕ ਸਿੱਖਿਆ ਸੰਸਥਾ ਹੈ ਜੋ ਕਿ ਸਿੱਖਿਆ ਦੇ ਪਸਾਰ ਲਈ ਬਣੀ ਹੋਈ ਹੈ ਅਜਿਹੇ ਵਿਚ ਜੇਕਰ ਯੂਨੀਵਰਸਿਟੀ ਦੇ ਅਧਿਕਾਰੀ ਹੀ ਜਾਗਰੂਕ ਨਹੀਂ ਹੋਣਗੇ ਤਾਂ ਮੁਲਾਜ਼ਮਾਂ ਤੇ ਆਉਣ ਵਾਲੇ ਭਵਿੱਖ ਚ ਵਿਦਿਆਰਥੀਆਂ ਦਾ ਕੀ ਬਣੇਗਾ।

ਇਸ ਲਈ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਸੁਣਵਾਈ ਕਰਨੀ ਚਾਹੀਦੀ ਹੈ ਤਾਂ ਕਿ ਅਜਿਹੇ ਧਰਨੇ ਮੁਜ਼ਾਹਰੇ ਦੁਬਾਰਾ ਨਾ ਹੋਣ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠਾਂ ਦੱਬੀ ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਹਾਲਾਤ ਮਾੜੇ ਹੋ ਚੁੱਕੇ ਹਨ। ਸਿੱਖਿਆ ਸੰਸਥਾ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਹਨ। ਵਿਦਿਆਰਥੀਆਂ ਦੇ ਪ੍ਰਦਰਸ਼ਨ ਤੋਂ ਬਾਅਦ ਨਮੋਸ਼ੀ ਦਾ ਸਾਹਮਣਾ ਕਰਦਿਆਂ ਵੱਡੀ ਗਿਣਤੀ ਚ ਪੁੱਜੀ ਪੁਲਸ ਫੋਰਸ ਨੂੰ ਉਥੋਂ ਜਾਣਾ ਪਿਆ।

Posted By: Jagjit Singh