ਭਾਰਤ ਭੂਸ਼ਣ ਗੋਇਲ, ਸਮਾਣਾ

ਪੰਜਾਬ ਵਿਚ ਚਲਾਏ ਜਾ ਰਹੇ ਨਸ਼ਾ ਵਿਰੋਧੀ ਅਭਿਆਨ ਤਹਿਤ ਅਤੇ ਐੱਸਐੱਸਪੀ ਪਟਿਆਲਾ ਦੇ ਹੁਕਮਾਂ ਤੇ ਸਮਾਣਾ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਮਵੀ ਪੁਲਿਸ ਵੱਲੋਂ ਸ਼ਨੀਵਾਰ ਨੂੰ ਪਿੰਡ ਮਰੋੜੀ ਵਿਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਸ਼ਰਾਬ ਤਿਆਰ ਕਰਨ ਦੇ ਲਈ ਜ਼ਮੀਨ ਵਿਚ ਦਬੀ 3200 ਲੀਟਰ ਲਾਹਣ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਪਰ ਪੁਲਿਸ ਪਾਰਟੀ ਨੂੰ ਆਉਂਦਿਆਂ ਵੇਖ ਕੇ ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਲੇ ਸਾਰੇ ਲੋਕ ਫਰਾਰ ਹੋਣ ਵਿਚ ਸਫਲ ਹੋ ਗਏ। ਇਸ ਸਬੰਧ ਵਿਚ ਮਵੀ ਪੁਲਿਸ ਵਲੋਂ ਸਦਰ ਪੁਲਿਸ ਸਮਾਣਾ ਵਿਚ ਐਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਅੱਧੀ ਦਰਜਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਥਾਣਾ ਸਦਰ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਮਵੀ ਪੁਲਿਸ ਚੌਕੀ ਇੰਚਾਰਜ ਸਬ ਇੰਸਪੈਕਟਰ ਸੰਦੀਪ ਸਿੰਘ ਵਲੋਂ ਪੁਲਿਸ ਪਾਰਟੀ ਸਣੇ ਗਸ਼ਤ ਦੌਰਾਨ ਪ੍ਰਰਾਪਤ ਹੋਈ ਗੁਪਤ ਸੂਚਨਾ ਦੇ ਆਧਾਰ 'ਤੇ ਪੰਜਾਬ-ਹਰਿਆਣਾ ਸੀਮਾ ਤੇ ਸਥਿਤ ਪਿੰਡ ਮਰੋੜੀ ਦੇ ਘੱਗਰ ਦਰਿਆ ਕਿਨਾਰੇ ਰੇਡ ਕਰਕੇ ਸ਼ਰਾਬ ਬਣਾਉਣ ਲੲਂੀ ਜ਼ਮੀਨ ਵਿਚ ਦਬੀ ਹੋਈ 3200 ਲੀਟਰ ਲਾਹਣ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਇਹ ਲਾਹਨ ਪਾਲੀਥੀਨ ਦੇ ਵੱਡੇ-ਵੱਡੇ ਲਿਫਾਫਿਆਂ ਵਿਚ ਭਰ ਕੇ ਜ਼ਮੀਨ ਵਿਚ ਦਬੀ ਹੋਈ ਸੀ ਅਤੇ ਇਸ ਤੋਂ ਨਾਜਾਇਜ਼ ਸ਼ਰਾਬ ਬਣਾਈ ਜਾਣੀ ਸੀ। ਪੁਲਿਸ ਨੇ ਲਾਹਣ ਬਰਾਮਦ ਕਰਕੇ ਇਸ ਮਾਮਲੇ ਵਿਚ ਪਿੰਡ ਮਰੋੜੀ ਵਾਸੀ ਹਰਪਾਲ ਸਿੰਘ, ਬਿੰਦਰ ਸਿੰਘ, ਸੁੱਖਾ ਸਿੰਘ ਸਣੇ ਤਿੰਨ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਫਰਾਰ ਲੋਕਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।