ਪੱਤਰ ਪੇ੍ਰਰਕ, ਪਟਿਆਲਾ : ਪੈਟਰੋਲ ਤੇ ਡੀਜ਼ਲ ਦੀਆਂ ਲਾਗਤਾਰ ਵੱਧ ਰਹੀਆਂ ਕੀਮਤਾਂ ਖ਼ਿਲਾਫ਼ ਅੱਜ ਕਾਂਗਰਸ ਵੱਲੋਂ ਸੂਬੇ ਭਰ 'ਚ ਰੋਸ ਮੁਜ਼ਾਹਰੇ ਕੀਤੇ ਗਏ। ਇਸੇ ਤਹਿਤ ਹੀ ਪਟਿਆਲਾ ਵਿਖੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੰਤ ਬਾਂਗਾ ਅਤੇ ਬਲਾਕ ਪਰਧਾਨ ਤੇ ਕੌਂਸਲਰ ਅਨਿਲ ਮੌਦਗਿਲ ਦੀ ਅਗਵਾਈ ਹੇਠ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਕਾਂਗਰਸੀ ਆਗੂ ਤੇ ਵਰਕਰਾਂ ਨੇ ਖੱਚਰ ਰੇਹੜੇ 'ਤੇ ਚੜ੍ਹ ਕੇ ਪੈਟਰੋਲ ਪਦਾਰਥਾਂ ਦੀਆਂ ਵੱਧ ਰਹੀਆਂ ਕੀਮਤਾਂ ਖ਼ਿਲਾਫ਼ ਵਿਰੋਧ ਜ਼ਾਹਰ ਕੀਤਾ।

ਚੇਅਰਮੈਨ ਸੰਤ ਬਾਂਗਾ ਅਤੇ ਬਲਾਕ ਪਰਧਾਨ ਅਨਿਲ ਮੌਦਗਿਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਡੇ ਘਰਾਣਿਆਂ ਦੇ ਘਰ ਭਰਨ ਲਈ ਆਮ ਲੋਕਾਂ ਦੀਆਂ ਜੇਬਾਂ ਕੱਟਣ 'ਤੇ ਤੁਰੀ ਹੋਈ ਹੈ। ਪਹਿਲਾਂ ਲੋੜੀਂਦੀਆਂ ਵਸਤੂਆਂ ਦੇ ਮੁੱਲ ਵਿਚ ਅਥਾਹ ਵਾਧਾ ਕੀਤਾ ਗਿਆ ਅਤੇ ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਰੋਜ਼ਾਨਾ ਵਰਤੋਂ ਵਾਲੇ ਰਿਫਾਇੰਡ ਤੇਲ ਸਰ੍ਹੋਂ ਦਾ ਤੇਲ ਸਮੇਤ ਹੋਰ ਜ਼ਰੂਰੀ ਵਸਤਾਂ ਦੇ ਰੇਟ ਦੁੱਗਣੇ ਹੋਣ ਕਾਰਨ ਗਰੀਬ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਠੰਢੇ ਹੋ ਹੀ ਚੁੱਕੇ ਹਨ ਅਤੇ ਹੁਣ ਪੈਟਰੋਲ ਦੀਆਂ ਕੀਮਤਾਂ ਦੇ ਡਰੋਂ ਲੋਕਾਂ ਨੇ ਆਪਣੇ ਵਾਹਨ ਘਰੋਂ ਕੱਢਣਾ ਬੰਦ ਕਰ ਦਿੱਤੇ ਹਨ। ਉਨਾਂ੍ਹ ਕਿਹਾ ਕਿ ਕੇਂਦਰ ਸਰਕਾਰ ਆਮ ਜਨਤਾ ਦੀ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਹੀ ਹੈ, ਜਿਸ ਕਰਕੇ ਲੋਕ ਮਹਿੰਗਾਈ ਦੀ ਚੱਕੀ ਵਿਚ ਪਿੱਸਦੇ ਜਾ ਰਹੇ ਹਨ।

ਇਸ ਮੌਕੇ ਰਵਿੰਦਰ ਟੋਨੀ, ਰਜੇਸ਼ ਸ਼ਰਮਾ ਰਾਜੂ, ਗਿਆਨੇਸ਼ਵਰ ਪੰਜੋਲਾ ਭੁੱਟੋ ਬਾਜਵਾ, ਸੇਵਾ ਸਿੰਘ, ਜਤਿੰਦਰ ਸ਼ਰਮਾ, ਅਮਨਦੀਪ ਅਮਨੀ, ਵਿਜੈ ਕੋਹਲੀ, ਰਾਹੁਲ ਬਾਂਸਲ, ਮਨੋਜ ਅਗਰੀਸ਼, ਨਵਦੀਪ ਸ਼ਰਮਾ, ਮੁਕੇਸ਼ ਕੁਮਾਰ ਰਣਜੀਤ ਸਿੰਘ ਅਤੇ ਸ਼ਾਮ ਲਾਲ ਮਿੱਤਲ ਸਮੇਤ ਹੋਰ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਰਹੇ।