ਜੀਐੱਸ ਮਹਿਰੋਕ, ਦੇਵੀਗੜ੍ਹ : ਦੇਸ਼ 'ਚ ਡੀਜ਼ਲ ਅਤੇ ਪੈਟਰੋਲ ਦੀਆਂ ਦਿਨ ਪ੍ਰਤੀ ਦਿਨ ਵੱਧ ਰਹੀਆਂ ਕੀਮਤਾਂ ਨੇ ਦੇਸ਼ ਦੇ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਲੋਕਾਂ ਨੂੰ ਆਪਣੇ ਵਾਹਨ ਚਲਾਉਣੇ ਵੀ ਅੌਖੇ ਹੋ ਰਹੇ ਹਨ ਅਤੇ ਲੋਕ ਕੇਂਦਰ ਸਰਕਾਰ ਵਿਰੱੁਧ ਦੇਸ਼ ਭਰ 'ਚ ਰੋਸ ਮੁਜ਼ਾਹਰੇ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕ ਰਹੇ ਹਨ। ਇਸੇ ਤਹਿਤ ਅੱਜ ਕਸਬਾ ਦੇਵੀਗੜ੍ਹ ਵਿਖੇ ਐੱਸਆਰ ਪੈਟਰੋਲ ਪੰਪ ਦੇ ਸਾਹਮਣੇ ਪਟਿਆਲਾ-ਦੇਵੀਗੜ੍ਹ ਰੋਡ ਤੇ ਪੰਜਾਬ ਕਾਂਗਰਸ ਦੇ ਸਕੱਤਰ ਜੋਗਿੰਦਰ ਸਿੰਘ ਕਾਕੜਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਰਤਿੰਦਰਪਾਲ ਸਿੰਘ ਰਿੱਕੀਮਾਨ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਦੀ ਰੱਜ ਕੇ ਨਿੰਦਿਆ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ 'ਚ ਕੇਂਦਰ ਸਰਕਾਰ ਦੀ ਨਿੰਦਿਆ ਕਰਦੇ ਰਹਾਂਗੇ ਅਤੇ ਜੇਕਰ ਦਿੱਲੀ ਵੀ ਸਾਨੂੰ ਜਾਣਾ ਪਿਆ ਤਾਂ ਵੀ ਦਿੱਲੀ ਜਾ ਕੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕਰਾਂਗੇ। ਇਸ ਮੌਕੇ ਜੋਗਿੰਦਰ ਸਿੰਘ ਕਾਕੜਾ, ਬਲਾਕ ਪ੍ਰਧਾਨ ਡਾ. ਗੁਰਮੀਤ ਬਿੱਟੂ, ਹਰਬੀਰ ਸਿੰਘ ਥਿੰਦ ਪ੍ਰਧਾਨ, ਦੇਬਣ ਹਾਜੀਪੁਰ, ਸੋਨੀ ਨਿਜ਼ਾਮਪੁਰ, ਤਿਲਕ ਰਾਜ ਸ਼ਰਮਾ, ਜੀਤੂ ਥਿੰਦ, ਜਸਵੀਰ ਸਿੰਘ ਸਨੌਰ, ਸਿਰੀਆ ਰਾਮ ਆਦਿ ਵੀ ਮੌਜੂਦ ਸਨ।