ਪੰਜਾਬੀ ਜਾਗਰਣ ਪ੍ਰਤੀਨਿਧ, ਪਟਿਆਲਾ : ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਵਾਪਰੀ ਬੇਅਦਬੀ ਘਟਨਾ ਤੋਂ ਬਾਅਦ ਨਤਮਸਤਕ ਹੋਣ ਲਈ ਪੁੱਜੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਤੇ ਪੰਜਾਬ ਇੰਚਾਰਜ ਰਾਘਵ ਚੱਢਾ ਨੂੰ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਮੰਦਰ ਦੇ ਬਾਹਰ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਲੋਕਾਂ ਨੇ ਭਗਵੰਤ ਮਾਨ ਤੇ ਰਾਘਵ ਚੱਢਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਤੋਂ ਬਚਾਅ ਲਈ ਉਹ ਲੰਗਰ ਭਵਨ ਦੇ ਦਫ਼ਤਰ ਵੱਲ ਚੱਲੇ ਗਏ। ਪ੍ਰਦਰਸ਼ਨ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁੱਜੀ ਵੱਡੀ ਗਿਣਤੀ ’ਚ ਪੁਲਿਸ ਫੋਰਸ ਦੇ ਸਖ਼ਤ ਪਹਿਰੇ ਹੇਠ ਉਨ੍ਹਾਂ ਨੂੰ ਉਥੋਂ ਲੰਘਾਇਆ ਗਿਆ।

ਜਾਣਕਾਰੀ ਅਨੁਸਾਰ ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਰ ’ਚ ਹੋਈ ਬੇਅਦਬੀ ਦਾ ਮਾਮਲਾ ਪੂਰੀ ਤਰ੍ਹਾਂ ਭਖ਼ ਗਿਆ ਹੈ। ਇਸੇ ਤਹਿਤ ਮੰਗਲਵਾਰ ਤਿੰਨ ਵਜੇ ਦੇ ਕਰੀਬ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਤੇ ਰਾਘਵ ਚੱਢਾ ਮੰਦਰ ’ਚ ਦਰਸ਼ਨਾਂ ਲਈ ਪੁੱਜੇ ਸਨ। ਜਿਵੇਂ ਹੀ ਦਰਸ਼ਨਾਂ ਤੋਂ ਬਾਅਦ ਉਹ ਬਾਹਰ ਨਿਕਲੇ ਤਾ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਘਟਨਾ ਨੂੰ ਵਾਪਰੇ ਹੋਏ 24 ਘੰਟਿਆਂ ਤੋਂ ਉੱਪਰ ਸਮਾਂ ਲੰਘ ਗਿਆ ਹੈ। ਇਸ ਸਮੇਂ ਦੌਰਾਨ ਆਮ ਆਦਮੀ ਪਾਰਟੀ ਦਾ ਕੋਈ ਵੀ ਆਗੂ ਜਾਂ ਵਰਕਰ ਹਿੰਦੂ ਭਾਈਚਾਰੇ ਨਾਲ ਦੁੱਖ ਵੰਡਾਉਣ ਲਈ ਨਹੀਂ ਆਇਆ। ਇਸ ਦੇ ਨਾਲ ਹੀ ਨਾ ਹੀ ਕੋਈ ਆਮ ਆਦਮੀ ਪਾਰਟੀ ਦਾ ਵਰਕਰ ਸ਼ਹਿਰ ਵਿਚ ਕੱਢੇ ਰੋਸ ਮਾਰਚ ਵਿਚ ਸ਼ਾਮਲ ਹੋਇਆ ਹੈ। ਭਗਵੰਤ ਮਾਨ ਤੇ ਰਾਘਵ ਚੱਢਾ ਸਿਰਫ਼ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਲਈ ਆਏ ਹਨ ਤੇ ਹੁਣ ਹਿੰਦੂਆਂ ਦੇ ਹਿਤੈਸ਼ੀ ਬਣਨ ਦੀ ਕੋਸ਼ਿਸ਼ ਕਰ ਰਹੇ ਹਨ।

ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਕੁੰਦਨ ਗੋਗੀਆ ਨੇ ਕਿਹਾ ਕਿ ਰਾਘਵ ਚੱਢਾ ਤੇ ਭਗਵੰਤ ਮਾਨ ਸਤਿਕਾਰਿਤ ਸ਼ਖ਼ਸ਼ੀਅਤਾਂ ਹਨ। ਦੂਸਰੀਆਂ ਪਾਰਟੀਆਂ ਵੱਲੋਂ ਜੋ ਉਨ੍ਹਾਂ ’ਤੇ ਹਮਲਾ ਕੀਤਾ ਗਿਆ ਹੈ ਉਹ ਨਿੰੰਦਣਯੋਗ ਹੈ। ਉਹ ਹਮਲਾਵਰਾਂ ਖ਼ਿਲਾਫ਼ ਥਾਣਾ ਕੋਤਵਾਲੀ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਉਣਗੇ।

ਚੋਣਾਂ ਵੇਲੇ ਅਣਹੋਣੀ ਘਟਨਾ ਵਾਪਰਨ ਦਾ ਪਹਿਲਾਂ ਹੀ ਪ੍ਰਗਟਾਇਆ ਸੀ ਖ਼ਦਸ਼ਾ : ਭਗਵੰਤ ਮਾਨ

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਮੰਦਰ ’ਚ ਦਰਸ਼ਨਾਂ ਤੋਂ ਪਹਿਲਾਂ ਪੱਤਰਕਾਰਾਂ ਨਾਲ ਰਾਬਤਾ ਕਾਇਮ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਪਿਛਲੀ ਵਾਰ ਵੀ ਮੌੜ ਮੰਡੀ ਧਮਾਕਾ ਕਰ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਅਸੀਂ ਪਹਿਲਾਂ ਵੀ ਖ਼ਦਸ਼ਾ ਪ੍ਰਗਟ ਕੀਤਾ ਸੀ ਕਿ ਚੋਣਾਂ ਦੌਰਾਨ ਅਜਿਹੀ ਘਟਨਾ ਵਾਪਰ ਸਕਦੀ ਹੈ। ਭਾਵੇਂ ਉਹ ਲੁਧਿਆਣੇ ਦੀ ਬੰਬ ਬਲਾਸਟ ਦੀ ਘਟਨਾ ਹੋਵੇ, ਸ੍ਰੀ ਹਰਿਮੰਦਰ ਸਾਹਿਬ ’ਚ ਬੇਅਦਬੀ ਦੀ ਘਟਨਾ ਹੋਵੇ ਜਾਂ ਸ਼੍ਰੀ ਕਾਲੀ ਮਾਤਾ ਮੰਦਰ ਵਿਚ ਹੋਈ ਬੇਅਦਬੀ ਦੀ ਘਟਨਾ ਹੋਵੇ। ਅਸੀਂ ਪੰਜਾਬ ਦੀ ਅਮਨ ਸ਼ਾਂਤੀ ਲਈ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਪ੍ਰਾਰਥਨਾ ਕਰਨ ਲਈ ਆਏ ਹਾਂ। ਭਗਵੰਤ ਮਾਨ ਨੇ ਕਿਹਾ ਹਰ ਵਾਰ ਅਜਿਹੀਆਂ ਘਟਨਾਵਾਂ ਨਾਲ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਸ ਵਾਰ ਲੋਕ ਡਰਨ ਵਾਲੇ ਨਹੀਂ ਹਨ। ਉਹ ਇਸ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦੇ ਹਨ।

Posted By: Jagjit Singh