ਪੰਜਾਬੀ ਯੂਨੀਵਰਸਿਟੀ ਵੱਲੋਂ ਸ਼ਾਇਰ ਸ਼ਮੀਲ ਦੀ ਪੁਸਤਕ 'ਤੇਗ' ਉੱਪਰ ਕਰਵਾਈ ਗੋਸ਼ਟੀ
ਪੰਜਾਬੀ ਯੂਨੀਵਰਸਿਟੀ ਵੱਲੋਂ ਸ਼ਾਇਰ ਸ਼ਮੀਲ ਦੀ ਪੁਸਤਕ 'ਤੇਗ' ਉੱਪਰ ਕਰਵਾਈ ਗੋਸ਼ਟੀ
Publish Date: Wed, 12 Nov 2025 06:22 PM (IST)
Updated Date: Wed, 12 Nov 2025 06:25 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਪ੍ਰਸਿੱਧ ਪੰਜਾਬੀ ਸ਼ਾਇਰ ਸ਼ਮੀਲ ਦੀ ਨਵੀਂ ਕਾਵਿ-ਪੁਸਤਕ ਤੇਗ ਦੇ ਅੰਗ–ਸੰਗ ਕੁਝ ਪਲ ਸਿਰਲੇਖ ਤਹਿਤ ਇਕ ਵਿਚਾਰ-ਗੋਸ਼ਟੀ ਕਰਵਾਈ ਗਈ। ਸਮਾਗਮ ਦੇ ਆਰੰਭ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਪੁੱਜੇ ਸਾਹਿਤਕਾਰਾਂ, ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸੱਤ ਪੁਸਤਕਾਂ ਦੇ ਰਚੈਤਾ ਸ਼ਾਇਰ ਸ਼ਮੀਲ ਨੇ ਪੰਜਾਬੀ ਕਵਿਤਾ ਨੂੰ ਨਵਾਂ ਮੁਹਾਵਰਾ ਪ੍ਰਦਾਨ ਕੀਤਾ ਹੈ। ਉਸਦੀਆਂ ਕਵਿਤਾਵਾਂ ਵਿੱਚੋਂ ਸਮਾਜ ਦੇ ਨਾਲ-ਨਾਲ ਅਧਿਆਤਮਵਾਦੀ ਸੰਕਲਪ ‘ਤੇ ਸਰੋਕਾਰ ਵਿਸ਼ੇਸ਼ ਤੌਰ ਤੇ ਸਾਹਮਣੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਭੱਜ–ਦੌੜ ਭਰੀ ਜ਼ਿੰਦਗੀ ਵਿੱਚ ਇਹ ਕਿਤਾਬ ਪਾਠਕ ਨੂੰ ਸਹਿਜਤਾ ਤੇ ਸ਼ਾਂਤ ਅਵਸਥਾ ਵਿਚ ਲੈ ਜਾਂਦੀ ਹੈ। ਸ਼ਾਇਰ ਸ਼ਮੀਲ ਨੇ ਆਪਣੀ ਪੁਸਤਕ ਤੇਗ ਵਿਚਲੀਆਂ ਕਵਿਤਾਵਾਂ ਦੇ ਪਿਛੋਕੜ ਅਤੇ ਰਚਨਾ ਪਲਾਂ ਦੇ ਗੁੱਝੇ ਰਹੱਸਾਂ ਨਾਲ ਸਾਂਝ ਪੁਆਈ। ਉਨ੍ਹਾਂ ਨੇ ਕਿਤਾਬ ਨੂੰ ਲਿਖਣ ਦੇ ਸਬੱਬ ਬਾਰੇ ਦੱਸਿਆ ਕਿ ਜਦੋਂ ਉਨ੍ਹਾਂ ਸ੍ਰੀ ਦਸਮ ਗ੍ਰੰਥ ਨੂੰ ਪੜ੍ਹਨਾ ਆਰੰਭ ਕੀਤਾ ਤਾਂ ਕੁਝ ਕਵਿਤਾਵਾਂ ਸਹਿਜੇ ਹੀ ਉਸਦੇ ਮਨ ਵਿੱਚ ਪੈਦਾ ਹੋਣੀਆਂ ਆਰੰਭ ਹੋ ਗਈਆਂ। ਡਾ. ਗੁਰਮੁਖ ਸਿੰਘ ਨੇ ਚਰਚਾ ਕਰਨ ਤੋਂ ਪਹਿਲਾਂ ਦੱਸਿਆ ਕਿ ਸ਼ਾਇਰ ਇਸ ਸਮੇਂ ਕੈਨੇਡਾ ਵਿਚ ਪ੍ਰਸਾਰਿਤ ਹੋਣ ਵਾਲੇ ਰੈੱਡ.ਐੱਫ.ਐੱਮ ਉੱਤੇ ਪ੍ਰਾਈਮ-ਟਾਈਮ ਪ੍ਰੋਗਰਾਮ ਕਰ ਰਹੇ ਹਨ। ਉਨ੍ਹਾਂ ਨੇ ‘ਤੇਗ’ ਕਿਤਾਬ ਦਾ ਮਹੱਤਵ ਦਰਸਾਉਂਦਿਆਂ ਕਿਹਾ ਕਿ ਇਹ ਕਿਤਾਬ ਨਾ ਕੇਵਲ ਪਾਠਕ ਲਈ ਮਹੱਤਵਪੂਰਨ ਹੈ ਸਗੋਂ ਕਿਸੇ ਨੂੰ ਤੋਹਫ਼ੇ ਵਜੋਂ ਭੇਂਟ ਕਰਨ ਲਈ ਵੀ ਉੱਤਮ ਵਸਤੂ ਹੈ। ਸਮਾਗਮ ਵਿੱਚ ਸ਼ਾਮਲ ਨਾਵਲਕਾਰ ਜਸਬੀਰ ਮੰਡ ਵੱਲੋਂ ਚਰਚਾ ਕਰਦਿਆ ਸ਼ਮੀਲ ਬਾਰੇ ਬਹੁਤੀਆਂ ਗੱਲਾਂ ਆਪਣੇ ਨਿੱਜੀ ਰਿਸ਼ਤੇ ਨੂੰ ਆਧਾਰ ਬਣਾ ਕੇ ਕੀਤੀਆਂ ਤੇ ਸ਼ਮੀਲ ਦੁਆਰਾ ਪ੍ਰਾਪਤ ਕੀਤੇ ਵੱਡੇ ਮੁਕਾਮ ਲਈ ਉਸਨੂੰ ਵਧਾਈ ਦਿੱਤੀ। ਸਮਾਗਮ ਦੇ ਅੰਤਲੇ ਪੜਾਅ ਵਿਚ ਡਾ. ਸੁਰਜੀਤ ਸਿੰਘ ਵੱਲੋਂ ਧੰਨਵਾਦੀ ਸ਼ਬਦ ਕਹੇ ਗਏ। ਸਾਹਿਤ ਸਭਾ ਦੇ ਇੰਚਾਰਜ ਡਾ ਗੁਰਸੇਵਕ ਸਿੰਘ ਲੰਬੀ ਨੇ ਮੰਚ ਸੰਚਾਲਨ ਕੀਤਾ। ਸਮਾਗਮ ਵਿਚ ਡੀਨ ਭਾਸ਼ਾਵਾਂ ਡਾ. ਬਲਵਿੰਦਰ ਕੌਰ ਸਿੱਧੂ, ਦਲਜੀਤ ਅਮੀ, ਰਾਜੀਵ ਕੁਮਾਰ, ਡਾ. ਰਾਜਮੋਹਿੰਦਰ ਕੌਰ, ਡਾ. ਰਵਿੰਦਰ ਕੌਰ, ਡਾ. ਮਨਿੰਦਰ ਕੌਰ, ਡਾ. ਸਰਬਜੀਤ ਕੌਰ, ਡਾ. ਗਿੰਦਰ ਸਿੰਘ ਅਤੇ ਡਾ. ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਅਧਿਆਪਕ, ਵਿਦਵਾਨ, ਖੋਜਾਰਥੀ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਸ਼ਾਮਲ ਸਨ।