ਪੰਜਾਬੀ ਜਾਗਰਣ ਟੀਮ, ਪਟਿਆਲਾ : ਪਟਿਆਲਾ ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਸਬ-ਡਵੀਜ਼ਨ ਰਾਜਪੁਰਾ ਅਤੇ ਘਨੌਰ ਵਿਖੇ ਇਕ ਵਿਸ਼ੇਸ਼ ਸਰਚ ਆਪ੍ਰੇਸ਼ਨ ਚਲਾ ਕੇ 950 ਲੀਟਰ ਲਾਹਣ, 420 ਬੋਤਲਾਂ ਸ਼ਰਾਬ ਤੇ 16 ਕਿੱਲੋ ਗਾਂਜਾ ਬਰਾਮਦ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਐੱਸਪੀ (ਡੀ) ਹਰਮੀਤ ਸਿੰਘ ਹੁੰਦਲ ਦੀ ਅਗਵਾਈ ਹੇਠ 10 ਟੀਮਾਂ ਵੱਲੋਂ ਦੇਰ ਸ਼ਾਮ ਤਕ ਛਾਪੇਮਾਰੀ ਕੀਤੀ ਗਈ।ਐੱਸਐੱਸਪੀ ਦੁੱਗਲ ਨੇ ਦੱਸਿਆ ਕਿ ਇਨ੍ਹਾਂ ਟੀਮਾਂ ਨੇ ਸਬ-ਡਵੀਜ਼ਨ ਰਾਜਪੁਰਾ ਅਤੇ ਘਨੌਰ 'ਚ ਜੀਟੀ ਰੋਡ 'ਤੇ ਪੈਂਦੇ ਸਾਰੇ ਢਾਬਿਆਂ, ਵੇਅਰ ਹਾਊਸਾਂ ਅਤੇ ਗੋਦਾਮਾਂ 'ਚ ਛਾਪੇਮਾਰੀ ਕਰ ਕੇ ਬਨੂੰੜ ਤੇਪਲਾ ਰੋਡ 'ਤੇ ਪੈਂਦੇ ਿਝੱਲਮਲ ਢਾਬਾ 'ਚੋਂ 200 ਲੀਟਰ ਲਾਹਣ ਬਰਾਮਦ ਕੀਤੀ ਪਰ ਢਾਬਾ ਮਾਲਕ ਬਿੱਟੂ ਜਲਵੇੜਾ ਤੇ ਨਰਿੰਦਰ ਸਿੰਘ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਬਨੂੜ ਵਿਖੇ ਮਾਮਲਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਅਜੀਜਪੁਰ ਟੋਲ ਪਲਾਜ਼ਾ ਨੇੜੇ ਗਰੀਨ ਢਾਬਾ 'ਤੇ ਰੇਡ ਕੀਤੀ ਗਈ ਅਤੇ ਗੁਰਜੰਟ ਸਿੰਘ ਵਾਸੀ ਸੇਖਨ ਮਾਜਰਾ ਦੇ ਢਾਬੇ 'ਚੋਂ ਵੱਖ-ਵੱਖ ਢੋਲਾਂ 'ਚੋਂ 200 ਲੀਟਰ ਡੀਜ਼ਲ ਬਰਾਮਦ ਹੋਇਆ, ਜਿਸ ਦੀ ਅਗਲੀ ਤਫ਼ਤੀਸ਼ 'ਤੇ ਕਾਰਵਾਈ ਲਈ ਥਾਣਾ ਜੀਰਕਪੁਰ ਨੂੰ ਸੂਚਿਤ ਕੀਤਾ ਗਿਆ।

ਸਰਕਲ ਘਨੌਰ ਦੇ ਪਿੰਡ ਬਘੌਰਾ ਵਿਖੇ ਪੁਲਿਸ ਦੀਆਂ ਟੀਮਾਂ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਸਤਨਾਮ ਸਿੰਘ ਕੋਲੋਂ 100 ਲੀਟਰ, ਰੇਸ਼ਮ ਸਿੰਘ ਕੋਲੋਂ 200 ਲੀਟਰ ਅਤੇ ਲਖਵਿੰਦਰ ਸਿੰਘ ਕੋਲੋਂ 100 ਲੀਟਰ ਲਾਹਣ ਬਰਾਮਦ ਹੋਈ। ਇਸ ਤੋਂ ਇਲਾਵਾ ਪਰਮਿੰਦਰ ਸਿੰਘ ਕੋਲੋਂ 150 ਲੀਟਰ ਲਾਹਣ ਤੇ ਚੱਲਦੀ ਭੱਠੀ ਅਤੇ ਬਲਜੀਤ ਸਿੰਘ ਕੋਲੋਂ 200 ਲੀਟਰ ਲਾਹਣ ਤੇ ਚੱਲਦੀ ਭੱਠੀ ਬਰਾਮਦ ਹੋਈ। ਇਨ੍ਹਾਂ ਵਿਰੁੱਧ ਵੀ ਮੁਕੱਦਮੇ ਦਰਜ ਕੀਤੇ ਗਏ।

ਰਾਜਵਿੰਦਰ ਸਿੰਘ ਵਾਸੀ ਪਿੰਡ ਹਾੜੀਆ ਥਾਣਾ ਕੂੰਮਕਲਾਂ ਜ਼ਿਲ੍ਹਾ ਲੁਧਿਆਣਾ ਪਾਸੋਂ 420 ਬੋਤਲਾਂ ਮਾਰਕਾ ਫਸਟ ਚੁਆਇਸ ਸ਼ਰਾਬ ਬਰਾਮਦ ਹੋਈ, ਜਿਸ ਖ਼ਿਲਾਫ਼ ਥਾਣਾ ਘਨੌਰ ਵਿਖੇ ਮਾਮਲਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਸ਼ੰਭੂ ਦੀ ਪੁਲਿਸ ਪਾਰਟੀ ਵੱਲੋਂ ਪਰਮਵੀਰ ਸੈਣੀ, ਅਰੁਣ ਸੈਣੀ ਕੋਲੋਂ 16 ਕਿੱਲੋ ਗਾਂਜਾ ਬਰਾਮਦ ਕੀਤਾ ਗਿਆ, ਜਿਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।

ਐੱਸਐੱਸਪੀ ਦੁੱਗਲ ਨੇ ਨਸ਼ਿਆਂ ਦੇ ਕਾਲੇ ਕਾਰੋਬਾਰ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਗ਼ੈਰਕਾਨੂੰਨੀ ਧੰਦੇ ਬੰਦ ਕਰ ਦੇਣ, ਨਹੀਂ ਤਾਂ ਅਜਿਹੇ ਗ਼ੈਰ ਸਮਾਜੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਇਸ ਛਾਪੇਮਾਰੀ ਦੌਰਾਨ ਡੀਐੱਸਪੀ ਜਾਂਚ ਕੇਕੇ ਪਾਂਥੇ, ਡੀਐੱਸਪੀ ਰਾਜਪੁਰਾ ਗੁਰਵਿੰਦਰ ਸਿੰਘ, ਡੀਐੱਸਪੀ ਘਨੌਰ ਜਸਵਿੰਦਰ ਸਿੰਘ ਟਿਵਾਣਾ ਸਮੇਤ ਸਬੰਧਤ ਥਾਣਿਆਂ ਅਤੇ ਸੀਆਈਏ ਸਟਾਫ਼ ਦੀਆਂ ਟੀਮਾਂ ਵੀ ਸ਼ਾਮਲ ਸਨ।