ਕਈ ਦਿਨਾਂ ਤੋਂ ਪਾਣੀ ਦੀ ਸਪਲਾਈ ਹੈ ਬੰਦ : ਵਿਦਿਆਰਥੀ

ਨਵਦੀਪ ਢੀਂਗਰਾ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਬਹੁਤੇ ਹੋਸਟਲਾਂ ਵਿਚ ਇਕ ਮਹੀਨੇ ਤੋਂ ਪੀਣ ਵਾਲੇ ਦੀ ਪਾਣੀ ਸਪਲਾਈ ਪ੍ਰਭਾਵਿਤ ਹੈ ਜਦੋਂਕਿ ਇਕ ਹਫ਼ਤੇ ਤੋਂ ਟੈਂਕ ਵਾਲੇ ਪਾਣੀ ਦੀ ਸਪਲਾਈ ਵੀ ਬੰਦ ਹੋ ਗਈ ਹੈ। ਸਮੱਸਿਆ ਦਾ ਹੱਲ ਨਾ ਹੋਣ ਤੋਂ ਅੱਕੇ ਵਿਦਿਆਰਥੀਆਂ ਵੱਲੋਂ ਸ਼ੁੱਕਰਵਾਰ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਧਰਨਾ ਦਿੰਦਿਆਂ ਨਾਅਰੇਬਾਜ਼ੀ ਕੀਤੀ ਗਈ। ਮੌਕੇ 'ਤੇ ਪੁੱਜੇ ਅਧਿਕਾਰੀਆਂ ਨੇ ਮੋਟਰਾਂ ਖ਼ਰਾਬ ਹੋਣ ਦਾ ਹਵਾਲਾ ਦਿੰਦਿਆਂ ਜਲਦ ਤੋਂ ਜਲਦ ਪਾਣੀ ਦੀ ਸਪਲਾਈ ਬਹਾਲ ਕਰਨ ਦਾ ਭਰੋਸਾ ਦਿੱਤਾ ਹੈ।

ਪੰਜਾਬ ਸਟੂਡੈਂਟਸ ਯੂਨੀਅਨ ਅਤੇ ਸੈਕੂਲਰ ਯੂਥ ਫੈਡਰੇਸ਼ਨ ਆਫ ਇੰਡੀਆ ਵੱਲੋਂ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨਾਲ ਮਿਲ ਕੇ ਯੂਕੋ ਵਿਭਾਗ ਦੇ ਬਾਹਰ ਪਾਣੀ ਅਤੇ ਹੋਸਟਲ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਵਿਦਿਆਰਥੀ ਆਗੂ ਜਗਸੀਰ ਸਿੰਘ ,ਆਗੂ ਇੰਦਰਜੀਤ,ਗੁਰਦਾਸ ਸਿੰਘ, ਰਾਜਵਿੰਦਰ ਕੌਰ, ਤਰਨਦੀਪ ਕੌਰ ਆਦਿ ਸ਼ਾਮਿਲ ਸਨ।

ਗੁਰਦੁਆਰਾ ਸਾਹਿਬ ਤੋਂ ਲਿਆ ਕੇ ਪੀ ਰਹੇ ਪਾਣੀ

ਬੀਟੈੱਕ ਵਿਦਿਆਰਥੀ ਗੁਰਦਾਸ ਸਿੰਘ ਨੇ ਦੱਸਿਆ ਕਿ ਪਾਣੀ ਦੀ ਸਮੱਸਿਆ ਸਬੰਧੀ ਕਈ ਵਾਰ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਹੈ, ਪਰ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਹੈ। ਹੋਸਟਲ 'ਚ ਰਹਿ ਰਹੇ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਤੋਂ ਪਾਣੀ ਲਿਆ ਕੇ ਪੀਣਾ ਪੈ ਰਿਹਾ ਹੈ।

ਸਾਰੇ ਹੋਸਟਲਾਂ 'ਚ ਪਾਣੀ ਸਪਲਾਈ ਪ੍ਰਭਾਵਿਤ

ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਇਹ ਸਮੱਸਿਆ ਸਾਰੀ ਯੂਨੀਵਰਸਿਟੀ ਦੇ ਹੋਸਟਲਾਂ ਦੀ ਹੈ। ਪਹਿਲਾਂ ਪਿਛਲੇ ਹਫ਼ਤੇ ਇੰਜੀਨੀਅਰ ਵਿਭਾਗ ਦੇ ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਵਿੱਚ ਪਾਣੀ ਬੰਦ ਹੋਇਆ ਤੇ ਕੱਲ ਸ਼ਾਮ ਤੋਂ ਯੂਨੀਵਰਸਿਟੀ ਦੇ ਸਾਰੇ ਹੋਸਟਲਾਂ ਵਿੱਚ ਪਾਣੀ ਨਹੀਂ ਆ ਰਿਹਾ। ਯੂਨੀਵਰਸਿਟੀ ਪ੍ਰਸਾਸ਼ਨ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ।

ਆਰ.ਓ ਹੋਇਆ ਠੀਕ, ਹੁਣ ਮੋਟਰਾਂ ਸੜੀਆਂ

ਪਤਾ ਲੱਗਿਆ ਹੈ ਕਿ ਆਰ.ਓ ਖਰਾਬ ਹੋਣ ਕਰਕੇ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਸੀ। ਸ਼ੁਕਰਵਾਰ ਨੂੰ ਆਰ.ਓ ਤਾਂ ਠੀਕ ਹੋ ਗਏ ਪਰ ਯੂਨੀਵਰਸਿਟੀਆਂ ਤਿੰਨ ਮੋਟਰਾਂ ਖਰਾਬ ਹੋਣ ਕਰਕੇ ਪਾਣੀ ਸਪਲਾਈ ਵੀ ਬੰਦ ਹੋ ਗਈ ਹੈ। ਯੂਨੀਵਰਸਿਟੀ ਵਾਟਰ ਸਪਲਾਈ ਐਕਸੀਅਨ ਮਨਜੀਤ ਸਿੰਘ ਨੇ ਦੱਸਿਆ ਕਿ ਆਰ.ਓ ਠੀਕ ਕਰ ਦਿੱਤਾ ਗਿਆ ਹੈ। ਮੋਟਰਾਂ ਖਰਾਬ ਹੋਣ ਕਰਕੇ ਕੁਝ ਦਿੱਕਤ ਆ ਰਹੀ ਹੈ। ਮੋਟਰਾਂ ਨੂੰ ਠੀਕ ਕੀਤਾ ਜਾ ਰਿਹਾ ਹੈ ਤੇ ਜਲਦ ਹੀ ਪਾਣੀ ਸਾਰੀ ਸਪਲਾਈ ਬਹਾਲ ਹੋ ਜਾਵੇਗੀ।