ਸੀਨੀਅਰ ਰਿਪੋਰਟਰ, ਪਟਿਆਲਾ : ਪਿੰਡ ਭੇਡਪੁਰਾ 'ਚ ਪਾਵਰ ਗਿ੍ਡ ਦੇ 400 ਕੇਵੀ ਹਾਈ ਟੈਂਸ਼ਨ ਤਾਰਾਂ ਦੇ ਟਾਵਰ 'ਤੇ ਚੜ੍ਹੇ ਅਪ੍ਰਰੈਂਟਿਸ ਬੇਰੁਜ਼ਗਾਰ ਲਾਈਨਮੈਨਾਂ ਦੇ ਖ਼ਿਲਾਫ ਥਾਣਾ ਪਸਿਆਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਭਾਰਤ ਸਰਕਾਰ ਦੇ ਪਾਵਰ ਗਰਿੱਡ ਦੇ ਡਿਪਟੀ ਜਨਰਲ ਮੈਨੇਜਰ ਮਨਜੀਤ ਕੁਮਾਰ ਦੀ ਸ਼ਿਕਾਇਤ 'ਤੇ 6 ਪ੍ਰਦਰਸ਼ਨਕਾਰੀਆਂ ਪ੍ਰਧਾਨ ਰਕੇਸ਼ ਕੁਮਾਰ, ਜਗਸੀਰ ਸਿੰਘ, ਗੁਰਪ੍ਰਰੀਤ ਸਿੰਘ, ਸੁਨੀਲ ਕੁਮਾਰ, ਰਮੇਸ਼ ਕੁਮਾਰ ਤੇ ਅਵਤਾਰ ਸਿੰਘ ਖ਼ਿਲਾਫ਼ ਗੈਰ ਜਮਾਨਤੀ ਧਰਾਵਾਂ ਤਹਿਤ ਮਾਮਲਾ ਦਰਜ ਹੋਇਆ ਹੈ। ਚਾਰ ਸੌ ਕੇ ਵੀ ਹਾਈਟੈਂਸ਼ਨ ਤਾਰਾਂ ਫੱਗਣ ਮਾਜਰੇ ਤੋਂ ਪਾਤੜਾਂ ਤੇ ਪਾਤੜਾਂ ਤੋਂ ਕੈਥਲ ਤਕ ਜਾਂਦੀਆਂ ਹਨ ਜੋ ਕਿ ਕੇਂਦਰ ਸਰਕਾਰ ਦੇ ਅਧੀਨ ਹਨ। ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੀ ਮੰਗ ਹੈ ਕਿ ਪੀਐੱਸਪੀਸੀਐੱਲ 'ਚ ਅਸਿਸਟੈਂਟ ਲਾਈਨਮੈਨਾਂ ਦੀ ਭਰਤੀ ਲਈ ਅਸਾਮੀਆਂ 1690 ਤੋਂ ਵਧਾ ਕੇ 3000 ਕਰਨ ਦੇ ਨਾਲ-ਨਾਲ ਭਰਤੀ ਦੀ ਵੱਧ ਤੋਂ ਵੱਧ ਉਮਰ 'ਚ ਵਾਧਾ ਕੀਤਾ ਜਾਵੇ ਕਿਉਂਕਿ ਜ਼ਿਆਦਾਤਰ ਉਮੀਦਵਾਰ ਓਵਰਏਜ ਹੋ ਗਏ ਹਨ। ਉਹ ਯੋਗਤਾ ਪ੍ਰਰੀਖਿਆ ਪਾਸ ਕਰਨ ਦੀ ਨਵੀਂ ਸ਼ਰਤ ਨੂੰ ਖ਼ਤਮ ਕਰਨ ਤੇ ਭਰਤੀ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ 'ਤੇ ਕਰਨ ਦੀ ਮੰਗ ਵੀ ਕਰ ਰਹੇ ਹਨ। ਯੂਨੀਅਨ ਵੱਲੋਂ ਪਹਿਲਾਂ ਪੀਐੱਸਪੀਸੀਐੱਲ ਦੇ ਮੁੱਖ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ, ਇਥੇ ਪੱਕਾ ਮੋਰਚਾ ਸ਼ੁਰੂ ਕਰਨ ਤੋਂ ਬਾਅਦ ਵੀ ਕੋਈ ਸੁਣਵਾਈ ਨਹੀਂ ਹੋਈ। ਜਿਸ ਤੋਂ ਬਾਅਦ ਯੂਨੀਅਨ ਦੇ ਕਈ ਮੈਂਬਰ ਭੇਡਪੁਰਾ ਵਿਖੇ ਬਿਜਲੀ ਟਾਵਰ 'ਤੇ ਜਾ ਚੜ੍ਹੇ। ਭਾਵੇਂ ਕਿ ਪੁਲਿਸ ਵੱਲੋਂ ਇਨ੍ਹਾਂ ਖ਼ਿਲਾਫ਼ 8 ਦਿਨ ਪਹਿਲਾਂ ਹੀ ਪਰਚਾ ਦਰਜ ਕਰ ਦਿੱਤਾ ਸੀ ਪਰ ਇਸ ਬਾਰੇ ਜਾਣਕਾਰੀ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਬੇਰੁਜ਼ਗਾਰ ਲਾਇਨਮੈਨ ਟਾਵਰ ਦੀ ਟੀਸੀ 'ਤੇ ਪੁੱਜ ਗਏ ਹਨ ਤੇ ਭੁੱਖ ਹੜਤਾਲ 12ਵੇਂ ਦਿਨ ਵਿਚ ਸ਼ਾਮਲ ਹੋ ਗਈ ਹੈ।