ਸੰਜੀਵ ਕੁਮਾਰ, ਨਾਭਾ : ਹਲਕਾ ਨਾਭਾ ਦੀ ਕਚਹਿਰੀ 'ਚ ਆਮ ਵਿਅਕਤੀ ਜਦੋਂ ਅਸ਼ਟਾਮ ਖ਼ਰੀਦਦਾ ਹੈ ਤਾਂ ਉਸ ਨੂੰ ਆਪਣੀ ਜੇਬ ਵਾਧੂ ਿਢੱਲੀ ਕਰਨੀ ਪੈਂਦੀ ਹੈ ਕਿਉਂਕਿ ਪ੍ਰਸ਼ਾਸਨ ਲੋਕਾਂ ਦੀ ਹੋ ਰਹੀ ਲੁੱਟ ਪ੍ਰਤੀ ਬੇਖ਼ਬਰ ਹੈ। ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਅਸ਼ਟਾਮ ਵੇਚਣ ਦੀ ਪ੍ਰਕਿਰਿਆ 'ਚ ਬਦਲਾਅ ਕਰਦੇ ਹੋਏ ਇਸ ਨੂੰ 01 ਅਗਸਤ 2022 ਤੋਂ ਅਸ਼ਟਾਮ ਆਨਲਾਈਨ ਕਰ ਦਿੱਤੀ ਗਿਆ ਹੈ।

ਨਾਭਾ ਵਾਸੀਆਂ ਨੇ ਦੋਸ਼ ਲਾਇਆ ਹੈ ਕਿ ਨਾਭਾ ਕਚਹਿਰੀ ਵਿਖੇ ਅਸ਼ਟਾਮ ਲਈ ਵਾਧੂ ਪੈਸੇ ਵਸੂਲੇ ਜਾ ਰਹੇ ਹਨ, ਜੋ ਕਿ ਲੋਕਾਂ ਦੀ ਸ਼ਰੇਆਮ ਲੁੱਟ ਹੈ। ਸਥਾਨਕ ਨਿਵਾਸੀ ਉਮਰ ਖ਼ਾਨ, ਰਾਜੇਸ਼ ਗਰਗ, ਅਮਰਜੀਤ ਖਹਿਰਾ, ਸੁਖਜੀਤ ਸਿੰਘ ਸੋਨੂੰ ਤੇ ਦਿਨੇਸ਼ ਬੱਤਾ ਨੇ ਦੱਸਿਆ ਕਿ ਨਾਭਾ ਕਚਹਿਰੀ ਵਿਖੇ ਅਸ਼ਟਾਮ ਫਰੋਸ਼ਾਂ ਵੱਲੋਂ ਲੋਕਾਂ ਦੀ ਲਗਾਤਾਰ ਲੁੱਟ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਪ੍ਰਸ਼ਾਸਨ ਬੇਖ਼ਬਰ ਹੈ। ਲੋਕਾਂ ਦੀ ਹੋ ਰਹੀ ਇਸ ਲੁੱਟ ਵੱਲ ਕਿਸੇ ਵੀ ਅਧਿਕਾਰੀ ਵੱਲੋਂ ਧਿਆਨ ਨਹੀ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਜਦੋਂ ਕਿਸੇ ਵਿਅਕਤੀ ਨੂੰ ਅਸ਼ਟਾਮ ਦੀ ਜ਼ਰੂਰਤ ਪੈਂਦੀ ਹੈ ਤਾਂ ਇਸ ਦਾ ਫ਼ਾਇਦਾ ਉਠਾਉਂਦੇ ਹੋਏ ਅਸ਼ਟਾਮ ਫਰੋਸ਼ਾਂ ਵੱਲੋਂ ਨਿਯਮਾਂ ਖ਼ਿਲਾਫ਼ ਵਾਧੂ ਪੈਸੇ ਵਸੂਲੇ ਜਾ ਰਹੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਹੋ ਰਹੀ ਇਸ ਲੁੱਟ ਨੂੰ ਤੁਰੰਤ ਬੰਦ ਕੀਤਾ ਜਾਵੇ।

ਵਾਧੂ ਪੈਸੇ ਵਸੂਲਣ ਵਾਲਿਆਂ ਖ਼ਿਲਾਫ਼ ਕਰਾਂਗੇ ਕਾਰਵਾਈ : ਪ੍ਰਧਾਨ

ਇਸ ਮਾਮਲੇ ਸਬੰਧੀ ਅਸ਼ਟਾਮ ਫਰੋਸ਼ ਯੂਨੀਅਨ ਨਾਭਾ ਦੇ ਪ੍ਰਧਾਨ ਦਲਜੀਤ ਸਿੰਘ ਨੇ ਕਿਹਾ ਕਿ ਯੂਨੀਅਨ ਵੱਲੋਂ ਸਾਰੇ ਹੀ ਅਸ਼ਟਾਮ ਫਰੋਸ਼ਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਿਸੇ ਵੀ ਵਿਅਕਤੀ ਤੋਂ ਵਾਧੂ ਪੈਸੇ ਨਹੀਂ ਲਏ ਜਾਣਗੇ ਪਰ ਫੇਰ ਵੀ ਜੇਕਰ ਕੋਈ ਵਾਧੂ ਪੈਸੇ ਲੈਂਦਾ ਹੈ। ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਹੋਵੇਗੀ ਸਖ਼ਤ ਕਾਰਵਾਈ : ਤਹਿਸੀਲਦਾਰ

ਇਸ ਮਾਮਲੇ ਸਬੰਧੀ ਤਹਿਸੀਲਦਾਰ ਨਾਭਾ ਸੁਖਜਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ ਤੇ ਨਾ ਹੀ ਕਿਸੇ ਵਿਅਕਤੀ ਵੱਲੋਂ ਹਾਲੇ ਤਕ ਸ਼ਿਕਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ਿਕਾਇਤ ਆਉਂਦੀ ਹੈ ਤਾਂ ਜਾਂਚ ਕਰ ਕੇ ਵਾਧੂ ਪੈਸੇ ਵਸੂਲਣ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਸ਼ਟਾਮ ਕਚਹਿਰੀ ਅੰਦਰ ਬਣੇ ਸੁਵਿਧਾ ਕੇਂਦਰ ਤੋਂ ਪ੍ਰਰਾਪਤ ਕੀਤੇ ਜਾ ਸਕਦੇ ਹਨ।

ਵਿਧਾਇਕ ਦੇ ਧਿਆਨ 'ਚ ਲਿਆਵਾਂਗੇ ਮਾਮਲਾ : ਅਰੋੜਾ

ਇਸ ਸਬੰਧੀ ਆਮ ਆਦਮੀ ਪਾਰਟੀ ਦੇ ਨਾਭਾ ਪ੍ਰਧਾਨ ਅਸ਼ੋਕ ਅਰੋੜਾ ਨੇ ਕਿਹਾ ਕਿ ਲੋਕਾਂ ਦੀ ਹੋ ਰਹੀ ਲੁੱਟ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਜਲਦ ਹੀ ਵਿਧਾਇਕ ਦੇਵ ਮਾਨ ਦੇ ਧਿਆਨ 'ਚ ਲਿਆ ਕੇ ਲੋਕਾਂ ਦੀ ਇਸ ਲੁੱਟ ਨੂੰ ਬੰਦ ਕੀਤਾ ਜਾਵੇਗਾ।