ਸੰਜੀਵ ਕੁਮਾਰ, ਨਾਭਾ : ਮੌਸਮ ਦੇ ਬਦਲਣ ਨਾਲ ਹੀ ਮੱਛਰਾਂ ਦੀ ਭਰਮਾਰ ਨਾਲ ਡੇਂਗੂ ਅਤੇ ਮਲੇਰੀਆ ਵਰਗੀ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਵਧ ਗਿਆ ਹੈ ਪਰ ਨਗਰ ਕੌਂਸਲ ਨਾਭਾ ਦੀ ਇਕਲੌਤੀ ਫੌਗਿੰਗ ਮਸ਼ੀਨ ਨਗਰ ਕੌਂਸਲ ਦਫਤਰ ਦੇ ਸਾਹਮਣੇ ਕਾਰਜ ਸਾਧਕ ਅਫ਼ਸਰ ਦੀ ਰਿਹਾਇਸ਼ ਦਾ ਸ਼ਿੰਗਾਰ ਬਣੀ ਹੋਈ ਹੈ, ਜੋ ਕਿ ਮਹਿਜ ਚਿੱਟਾ ਹਾਥੀ ਸਾਬਿਤ ਹੋ ਰਹੀ ਹੈ। ਕੌਂਸਲ ਨੇ ਹਾਲੇ ਤੱਕ ਫੌਗਿੰਗ ਸ਼ੁਰੂ ਨਹੀ ਕਰਵਾਈ।

ਫੌਗਿੰਗ ਮਸ਼ੀਨ ਨਾਲ ਡੇਂਗੂ ਅਤੇ ਮਲੇਰੀਆ ਵਰਗੀਆਂ ਬੀਮਾਰੀਆਂ 'ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਦੇ ਬਾਵਜੂਦ ਇਸ ਦੇ ਨਗਰ ਕੌਂਸਲ ਨਾਭਾ ਵੱਲੋਂ ਇਸ ਸਾਲ ਹਾਲੇ ਤੱਕ ਫੌਗਿੰਗ ਦੀ ਸ਼ੁਰੂਆਤ ਹੀ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਨਗਰ ਕੌਂਸਲ ਨਾਭਾ 'ਤੇ ਹੁਣ ਆਮ ਆਦਮੀ ਪਾਰਟੀ ਦੇ ਕੌਂਸਲਰ ਸੁਜਾਤਾ ਚਾਵਲਾ ਪ੍ਰਧਾਨਗੀ ਦੀ ਕੁਰਸੀ 'ਤੇ ਕਾਬਜ਼ ਹਨ ਜਿਨਾਂ੍ਹ ਵਲੋਂ ਵੀ ਫੌਗਿੰਗ ਵੱਲ ਕੋਈ ਦਿਲਚਸਪੀ ਨਹੀਂ ਵਿਖਾਈ ਗਈ। ਨਗਰ ਕੌਂਸਲ ਵਿਖੇ ਕਾਰਜ ਸਾਧਕ ਅਫਸਰ ਦੀ ਪੱਕੀ ਤਾਇਨਾਤੀ ਨਾ ਹੋਣ ਕਰਕੇ ਵੀ ਲੋਕਾਂ ਨੂੰ ਭਾਰੀ ਪੇ੍ਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਸਬੰਧੀ ਸ਼ਹਿਰ ਨਿਵਾਸੀ ਸੰਦੀਪ ਬਾਂਸਲ ਤੇ ਮੋਂਟੂ ਸ਼ਰਮਾ ਨੇ ਦੱਸਿਆ ਕਿ ਮੌਸਮ ਬਦਲਣ ਨਾਲ ਮੱਛਰਾਂ ਨੇ ਉਨਾਂ੍ਹ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਕਈ ਵਾਰ ਨਗਰ ਕੌਂਸਲ ਅਧਿਕਾਰੀਆਂ ਨੂੰ ਫੌਗਿੰਗ ਸਬੰਧੀ ਅਪੀਲ ਕਰਨ ਦੇ ਬਾਵਜੂਦ ਹਾਲੇ ਤੱਕ ਫੌਗਿੰਗ ਦੀ ਸ਼ੁਰੂਆਤ ਨਹੀਂ ਕੀਤੀ ਗਈ। ਉਨਾਂ੍ਹ ਮੰਗ ਕੀਤੀ ਕਿ ਤੁਰੰਤ ਸ਼ਹਿਰ ਅੰਦਰ ਫੌਗਿੰਗ ਸ਼ੁਰੂ ਕਰਵਾਈ ਜਾਵੇ ਤਾਂ ਜੋ ਸਮਾਂ ਰਹਿੰਦੇ ਬੀਮਾਰੀਆਂ ਤੋਂ ਬਚਿਆ ਜਾ ਸਕੇ।

ਜਲਦ ਫੌਗਿੰਗ ਸ਼ੁਰੂ ਕੀਤੀ ਜਾਵੇਗੀ : ਪ੍ਰਧਾਨ

ਇਸ ਸਬੰਧੀ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਸੁਜਾਤਾ ਚਾਵਲਾ ਨੇ ਕਿਹਾ ਕਿ ਨਗਰ ਕੌਂਸਲ ਨਾਭਾ ਦੀ ਫੌਗਿੰਗ ਮਸ਼ੀਨ ਖ਼ਰਾਬ ਸੀ, ਜਿਸ ਨੂੰ ਹੁਣ ਠੀਕ ਕਰਵਾਇਆ ਜਾ ਚੁੱਕਾ ਹੈ ਅਤੇ ਜਲਦ ਹੀ ਫੌਗਿੰਗ ਸ਼ੁਰੂ ਕੀਤੀ ਜਾਵੇਗੀ।