ਸੰਜੀਵ ਕੁਮਾਰ, ਨਾਭਾ : ਪੰਜਾਬ 'ਚ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਗਈ ਹੈ ਪਰ ਅਚਾਨਕ ਬਦਲੇ ਮੌਸਮ ਨਾਲ ਝੋਨੇ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ। ਝੋਨੇ 'ਚ ਪਾਣੀ ਖੜ੍ਹਨ ਤੇ ਤੇਜ਼ ਹਵਾ ਚੱਲਣ ਨਾਲ ਫ਼ਸਲ ਖੇਤਾਂ 'ਚ ਵਿਛ ਚੁੱਕੀ ਹੈ, ਜਿਸ ਨਾਲ ਝਾੜ 'ਤੇ ਮਾੜਾ ਅਸਰ ਹੋਵੇਗਾ। ਇਸ ਤੋਂ ਇਲਾਵਾ ਗੰਨਾ ਤੇ ਸਬਜ਼ੀਆਂ ਦੀ ਫ਼ਸਲ 'ਤੇ ਵੀ ਮਾੜਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਨਾਭਾ ਦੇ ਨਾਲ ਲੱਗਦੇ ਕਈ ਪਿੰਡਾਂ 'ਚ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕਿ ਪੰਜਾਬ ਸਰਕਾਰ ਵੱਲ ਮੁਆਵਜ਼ੇ ਦੀ ਆਸ ਲਗਾਈ ਬੈਠੇ ਹਨ। ਪਰ ਸਰਕਾਰ ਵਲੋਂ ਹਾਲੇ ਤਕ ਝੋਨੇ ਦੀ ਫ਼ਸਲ ਦੇ ਹੋਏ ਨੁਕਸਾਨ ਸਬੰਧੀ ਗਿਰਦਾਵਰੀ ਕਰਨ ਦੇ ਆਦੇਸ਼ ਨਾ ਆਉਣ ਨਾਲ ਕਿਸਾਨ ਮਾਯੂਸ ਹਨ।

ਨਾਭਾ ਦੇ ਨਾਲ ਲਗਦੇ ਪਿੰਡ ਰੋਹਟੀ ਅਤੇ ਹੋਰ ਪਿੰਡਾਂ ਦੇ ਕਿਸਾਨ ਅਮਰੀਕ ਸਿੰਘ, ਕਿਰਪਾਲ ਸਿੰਘ ਤੇ ਰਾਜਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਹੁਣ ਭਾਰੀ ਮੀਂਹ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦੀ ਸਰਕਾਰ ਤੁਰੰਤ ਗਿਰਦਾਵਰੀ ਕਰਵਾ ਕੇ ਭਰਪਾਈ ਕਰੇ। ਉਨਾਂ੍ਹ ਆਪ ਸਰਕਾਰ ਨੂੰ ਯਾਦ ਦਿਵਾਇਆ ਕਿ ਚੋਣਾਂ ਤੋਂ ਪਹਿਲਾਂ ਉਨਾਂ੍ਹ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਹੁਣ ਪੰਜਾਬ ਦੇ ਕਿਸਾਨਾਂ ਨੂੰ ਸਰਕਾਰ ਤੋਂ ਪੂਰੇ ਮੁਆਵਜ਼ੇ ਦੀ ਆਸ ਹੈ।

ਕੀ ਕਹਿਣਾ ਹੈ ਖੇਤੀਬਾੜੀ ਅਫ਼ਸਰ ਨਾਭਾ ਦਾ

ਇਸ ਸਬੰਧੀ ਨਾਭਾ ਦੇ ਖੇਤੀਬਾੜੀ ਅਫਸਰ ਕੁਲਦੀਪ ਇੰਦਰ ਸਿੰਘ ਿਢੱਲੋਂ ਨੇ ਕਿਹਾ ਕਿ ਨਾਭਾ ਵਿਖੇ ਕਿਸਾਨਾਂ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ। ਉਨਾਂ੍ਹ ਕਿਹਾ ਕਿ ਸਭ ਤੋਂ ਵੱਡਾ ਨੁਕਸਾਨ 1509 ਕਿਸਮ ਦੇ ਝੋਨੇ ਦਾ ਹੋਇਆ ਹੈ। ਖੇਤਾਂ 'ਚ ਪਾਣੀ ਜ਼ਿਆਦਾ ਖੜ੍ਹਨ ਨਾਲ ਝੋਨਾ ਖੇਤਾਂ 'ਚ ਵਿਛ ਗਿਆ, ਜਿਸ ਦਾ ਅਸਰ ਝਾੜ ਤੇ ਅਤੇ ਝੋਨੇ ਦੀ ਕੁਆਲਟੀ ਤੇ ਪਵੇਗਾ। ਉਨਾਂ੍ਹ ਇਹ ਵੀ ਦੱਸਿਆ ਕਿ ਪੂਸਾ 44 ਕਿਸਮ ਦੇ ਝੋਨੇ 'ਤੇ ਭਾਵੇਂ ਮੀਂਹ ਦਾ ਘੱਟ ਅਸਰ ਹੋਇਆ ਪਰ ਉਸ ਦੇ ਦਾਣਾ ਡਿਸਕਲਰ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਹੈ।

132 ਐੱਮਐੱਮ ਬਾਰਿਸ਼ ਕੀਤੀ ਦਰਜ

ਨਾਭਾ ਵਿਖੇ ਸਭ ਤੋਂ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ। ਜਿਸ ਕਰ ਕੇ ਨਾਭਾ ਵਿਖੇ ਹੀ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਨਾਭਾ ਵਿਖੇ 132 ਐੱਮਐੱਮ ਬਾਰਿਸ਼ ਦਰਜ ਕੀਤੀ ਗਈ ਹੈ ਜਦ ਕਿ ਪਟਿਆਲਾ ਵਿਖੇ 125 ਐੱਮਐੱਮ, ਰਾਜਪੁਰਾ ਵਿਖੇ 104 ਐੱਮਐਮ ਤੇ ਸਮਾਣਾ ਵਿਖੇ 60 ਐੱਮਐੱਮ ਮੀਂਹ ਦਰਜ ਕੀਤਾ ਗਿਆ। ਇਨ੍ਹਾਂ ਅੰਕੜਿਆਂ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਾਭਾ ਵਿਖੇ ਪਿਛਲੇ ਕੁਝ ਘੰਟਿਆਂ 'ਚ ਬਹੁਤ ਜ਼ਿਆਦਾ ਮੀਂਹ ਪਿਆ। ਜਿਸ ਕਰ ਕੇ ਝੋਨੇ ਦੀ ਫ਼ਸਲ, ਗੰਨੇ ਦੀ ਫ਼ਸਲ ਤੇ ਸਬਜ਼ੀਆਂ ਦੀ ਫ਼ਸਲ 'ਤੇ ਮਾੜਾ ਅਸਰ ਹੋਇਆ। ਜਿਸ ਨਾਲ ਆਉਣ ਵਾਲੇ ਦਿਨਾਂ 'ਚ ਸਬਜ਼ੀਆਂ ਦੇ ਭਾਅ ਵੀ ਵਧਣਗੇ। ਖੇਤੀਬਾੜੀ ਵਿਭਾਗ ਅਨੁਸਾਰ ਇਸ ਭਾਰੀ ਬਾਰਿਸ਼ ਨਾਲ ਝੋਨੇ ਦੀ ਆਮਦ ਮੰਡੀਆਂ 'ਚ ਦੇਰੀ ਨਾਲ ਆਵੇਗੀ। ਜਿਸ ਦੇ ਨਤੀਜੇ ਵਜੋਂ ਆਲੂ ਅਤੇ ਮਟਰ ਦੀ ਫ਼ਸਲਾਂ ਵੀ ਦੇਰੀ ਨਾਲ ਬੀਜੀਆਂ ਜਾਣਗੀਆਂ।