ਸਟਾਫ ਰਿਪੋਰਟਰ, ਪਟਿਆਲਾ : ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਧਰਮ ਦੇ ਆਧਾਰ 'ਤੇ ਦੇਸ਼ 'ਚ ਸੀਏਏ ਵਰਗੇ ਕਾਨੰੂਨ ਬਣਾਉਣਾ ਬਹੁਤ ਮੰਦਭਾਗਾ ਹੈ ਤੇ ਵਿਤਕਰੇ ਕਾਰਨ ਹੀ ਲੋਕਾਂ ਵਿਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਇਥੇ ਪਟਿਆਲਾ ਮੀਡੀਆ ਕਲੱਬ ਵਿਚ 'ਮੀਟ ਦਾ ਪ੍ਰਰੈਸ' ਪ੍ਰਰੋਗਰਾਮ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਸਾਨੰੂ ਸਭ ਨੰੂ ਬਰਾਬਰ ਦੇ ਅਧਿਕਾਰ ਦਿੰਦਾ ਹੈ ਤੇ ਦੇਸ਼ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਧਰਮ ਦੇ ਆਧਾਰ 'ਤੇ ਸਰਕਾਰ ਨੇ ਕਾਨੰੂਨ ਬਣਾਇਆ ਹੋਵੇ ਤੇ ਇਕ ਫਿਰਕੇ ਨਾਲ ਵਿਸ਼ੇਸ਼ ਨਾਲ ਘੋਰ ਵਿਤਕਰਾ ਕੀਤਾ ਗਿਆ ਹੋਵੇ। ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਅਕਾਲੀਆਂ ਨੇ 10 ਸਾਲਾਂ ਦੇ ਰਾਜ ਅੰਦਰ ਪੰਜਾਬ ਦਾ ਬੇੜਾ ਗਰਕ ਕਰਕੇ ਰੱੱਖ ਦਿੱਤਾ। ਉਹਨਾਂ ਕਿਹਾ ਕਿ ਜਦੋਂ 2007 ਵਿਚ ਕਾਂਗਰਸ ਦੀ ਸਰਕਾਰ ਦਾ ਸਮਾਂ ਪੂਰਾ ਹੋਇਆ ਸੀ ਤਾਂ ਉਸ ਵੇਲੇ ਕਾਂਗਰਸ ਸਰਕਾਰ ਵਿਰਸੇ ਵਿਚ ਵਧੀਆ ਪ੍ਰਬੰਧ ਦੇ ਕੇ ਗਈ ਸੀ। ਪੰਜਾਬ ਉਸ ਵੇਲੇ ਇੰਡਸਟਰੀ ਵਿਚ ਨੰਬਰ ਇਕ ਸੀ, ਕਿਸਾਨਾਂ ਦੀਆਂ ਜਿਣਸਾਂ ਦੀ ਵੀ ਪੂਰੇ ਸਮੇਂ 'ਤੇ ਅਦਾਇਗੀ ਹੁੰਦੀ ਸੀ ਤੇ ਵੱਡੇ ਵੱਡੇ ਪ੍ਰਰਾਜੈਕਟ ਵੀ ਪੰਜਾਬ ਵਿਚ ਲਗਾਏ ਗਏ ਸਨ ਪਰ ਅਕਾਲੀਆਂ ਨੇ 10 ਸਾਲਾਂ ਦੇ ਰਾਜ ਵਿਚ ਨਵਾਂ ਪ੍ਰਰਾਜੈਕਟ ਤਾਂ ਕੀ ਲਿਆਉਣਾ ਸੀ ਸਗੋਂ ਪਹਿਲੇ ਪ੍ਰਰਾਜੈਕਟ ਵੀ ਠੱਪ ਕਰ ਦਿੱਤੇ ਤੇ ਅਰਥਚਾਰਾ ਤਬਾਹ ਕਰ ਦਿੱਤਾ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਨੰੂ ਵਿਰਸੇ ਵਿਚ ਕਰਜ਼ੇ ਦੀ ਪੰਡ ਤੇ ਢਹਿ ਢੇਰੀ ਹੋਈ ਵਿਵਸਥਾ ਮਿਲੀ ਹੈ। ਉਹਨਾਂ ਕਿਹਾ ਕਿ ਅਸੀਂ ਹਾਲਾਤਾਂ ਅਨੁਸਾਰ ਚੰਗੇ ਤੋਂ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ ਕਿਹਾ ਕਿ ਪਟਿਆਲਾ ਨੰੂ ਵਿਰਾਸਤੀ ਕੇਂਦਰ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਰਾਜਸਥਾਨ ਦੇ ਟ੍ਰਾਇਐਂਗਲ ਵਾਂਗ ਪੰਜਾਬ ਵਿਚ ਵੀ ਅੰਮਿ੍ਤਸਰ, ਸ੍ਰੀ ਆਨੰਦਪੁਰ ਸਾਹਿਬ ਤੇ ਪਟਿਆਲਾ ਨੰੂ ਜੋੜ ਕੇ ਸੈਲਾਨੀਆਂ ਨੰੂ ਆਕਰਸ਼ਤ ਕਰਨ ਦੇ ਪ੍ਰਰਾਜੈਕਟ 'ਤੇ ਕੰਮ ਕੀਤਾ ਜਾ ਰਿਹਾ ਹੈ। ਇਕ ਸਵਾਲ ਦੇ ਜਵਾਬ ਵਿਚ ਸਾਬਕਾ ਵਿਦੇਸ਼ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪਟਿਆਲਾ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਉਹਨਾਂ ਦੱਸਿਆ ਕਿ ਅਸੀਂ ਪਟਿਆਲਾ ਤੋਂ ਸ੍ਰੀ ਆਨੰਦਪੁਰ ਸੜਕ ਦਾ ਨਾਂ ਮਾਤਾ ਗੁਜਰੀ ਜੀ ਦੇ ਨਾਂ 'ਤੇ ਰੱਖਣ ਅਤੇ ਇਸਨੰੂ ਕੌਮੀ ਮਾਰਗ ਬਣਾਉਣ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੰੂਅਪੀਲ ਕੀਤੀ ਹੈ ਤੇ ਰਾਜ ਦੀਆਂ ਸੜਕਾਂ ਦੇ ਮਾਮਲੇ ਵਿਚ ਅਸੀਂ ਉਹਨਾਂ ਦੇ ਸੰਪਰਕ ਵਿਚ ਹਾਂ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਭੰਗੂ ਨੇ ਪ੍ਰਨੀਤ ਕੌਰ, ਮੇਅਰ ਸੰਜੀਵ ਬਿੱਟੂ ਤੇ ਓ ਐਸ ਡੀ ਹਨੀ ਸੇਖੋਂ ਨੰੂ ਜੀ ਆਇਆਂ ਕਿਹਾ। ਪ੍ਰਧਾਨ ਗੁਰਪ੍ਰਰੀਤ ਸਿੰਘ ਚੱਠਾ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ, ਸੀਨੀਅਰ ਮੀਤ ਪ੍ਰਧਾਨ ਮਨੀਸ਼ ਸਰਹਿੰਦੀ ਨੇ ਮੰਗ ਪੱਤਰ ਪੇਸ਼ ਕੀਤਾ, ਅਰਵਿੰਦ ਸ੍ਰੀਵਾਸਤਵ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਜਦਕਿ ਮੰਚ ਸੰਚਾਲਨ ਪਰਮੀਤ ਸਿੰਘ ਵੱਲੋਂ ਕੀਤਾ ਗਿਆ। ਕਲੱਬ ਮੈਂਬਰਾਂ ਵੱਲੋਂ ਪ੍ਰਨੀਤ ਕੌਰ ਤੇ ਮੇਅਰ ਸੰਜੀਵ ਬਿੱਟੂ ਨੰੂ ਯਾਦਗਰੀ ਚਿੰਨ੍ਹ ਭੇਂਟ ਕੀਤੇ ਗਏ।

-----

ਪਟਿਆਲਾ ਮੀਡੀਆ ਕਲੱਬ ਦੀ ਕੀਤੀ ਸ਼ਲਾਘਾ

ਪਟਿਆਲਾ ਮੀਡੀਆ ਕਲੱਬ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਇਹ ਜਥੇਬੰਦੀ ਪੱਤਰਕਾਰਾਂ ਦੇ ਗੁਲਦਸਤੇ ਵਾਂਗੂ ਹੈ। ਉਹਨਾਂ ਕਿਹਾ ਕਿ ਪੱਤਰਕਾਰਾਂ ਦਾ ਅਹਿਮ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਵਿਚ ਅਹਿਮ ਰੋਲ ਹੁੰਦਾ ਹੈ। ਉਹਨਾਂ ਨੇ ਕਲੱਬ ਵਿਚ ਕਾਨਫਰੰਸ ਹਾਲ ਤੇ ਜਿੰਮ ਦਾ ਨਿਰਮਾਣ ਕਰਵਾ ਕੇ ਦੇਣ ਦਾ ਐਲਾਨ ਕੀਤਾ।

----

ਸ਼ਹਿਰ 'ਚ ਤੇਜ਼ ਹੋਣਗੇ ਵਿਕਾਸ ਕਾਰਜ : ਮੇਅਰ

ਇਸ ਮੌਕੇ ਮੇਅਰ ਸੰਜੀਵ ਬਿੱਟੂ ਨੇ ਕਿਹਾ ਕਿ ਪਟਿਆਲਾ ਨਗਰ ਨਿਗਮ ਨੰੂ ਵਿਰਸੇ ਵਿਚ ਕੰਗਾਲੀ ਹੀ ਮਿਲੀ ਹੈ। ਉਹਨਾਂ ਕਿਹਾ ਕਿ ਡੰਪ ਸਮੇਤ ਅਹਿਮ ਠਿਕਾਣੇ ਅਕਾਲੀ ਸਰਕਾਰ ਵੇਲੇ ਵੇਚ ਦਿੱਤੇ ਗਏ ਤੇ ਵਿਕਾਸ ਕਾਰਜ ਠੱਪ ਰਹੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਹੁਣ ਨਗਰ ਨਿਗਮ ਸ਼ਹਿਰ ਵਿਚ ਜਿਥੇ ਸੜਕਾਂ ਸਮੇਤ ਹੋਰ ਵਿਕਾਸ ਕਾਰਜ ਕਰਵਾ ਰਿਹਾ ਹੈ, ਉਥੇ ਹੀ ਸ਼ਹਿਰ ਦੇ ਸੁੰਦਰੀਕਰਨ ਦੇ ਪ੍ਰਰਾਜੈਕਟ ਤੇ ਹੋਰ ਅਹਿਮ ਕੰਮ ਮੁਕੰਮਲ ਕੀਤੇ ਜਾ ਰਹੇ ਹਨ।