ਪੱਤਰ ਪ੍ਰਰੇਰਕ, ਪਟਿਆਲਾ : ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਅੱਜ ਅਲੀਪੁਰ ਅਰਾਈਆਂ ਵਿੱਚ ਭਗਵਾਨ ਸ਼੍ਰੀ ਵਿਸ਼ਵਕਰਮਾ ਮੰਦਿਰ ਵਿਖੇ 33ਵੇਂ ਮੂਰਤੀ ਸਥਾਪਨਾ ਸਮਾਰੋਹ ਵਿਚ ਸ਼ਿਰਕਤ ਕੀਤੀ ਅਤੇ ਨਗਰ ਵਾਸੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਲੋਕਾਂ ਨੂੰ ਸਾਰੇ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ ਪ੍ਰੰਤੂ ਸਾਫ਼ ਸਫ਼ਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। 21 ਫਰਵਰੀ ਨੂੰ ਮਨਾਏ ਜਾ ਰਹੇ ਮਹਾਂ ਸ਼ਿਵਰਾਤਰੀ ਸਮਾਰੋਹ ਦੇ ਸੰਦਰਭ ਵਿਚ ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਨੂੰ ਸਾਰੇ ਤਿਉਹਾਰ ਆਪਸੀ ਭਾਈਚਾਰਕ ਸਾਂਝ ਨਾਲ ਮਨਾਉਣੇ ਚਾਹੀਦੇ ਹਨ ਪਰੰਤੂ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਸ ਜਗ੍ਹਾ 'ਤੇ ਤਿਉਹਾਰ ਮਨਾਇਆ ਜਾਵੇ ਉਥੇ ਕਿਸੇ ਪ੍ਰਕਾਰ ਦੀ ਗੰਦਗੀ ਬਾਅਦ ਵਿੱਚ ਨਾ ਛੱਡੀ ਜਾਵੇ। ਇਸ ਮੌਕੇ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਦਾ ਜਲਦੀ ਹੱਲ ਕਰਨ ਦਾ ਵਿਸ਼ਵਾਸ਼ ਦਿਵਾਇਆ। ਇਲਾਕੇ ਦੇ ਆਪਣੇ ਧੰਨਵਾਦੀ ਦੌਰੇ ਮੌਕੇ ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਲੋਕਾਂ ਨੇ ਹਮੇਸ਼ਾਂ ਉਨ੍ਹਾਂ ਦਾ ਸਾਥ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਦੇ ਨਾਲ ਰਹਿਣਗੇ, ਨਗਰ ਵਾਸੀਆਂ ਵਲੋਂ ਸਟਰੀਟ ਲਾਈਟਾਂ ਅਤੇ ਸੜਕ ਦੇ ਪੁਨਰ ਨਿਰਮਾਣ ਦੇ ਉਠਾਏ ਗਏ ਮੁੱਦਿਆਂ 'ਤੇ ਉਨ੍ਹਾਂ ਨੇ ਨਗਰ ਨਿਗਮ ਦੇ ਮੇਅਰ ਸ਼੍ਰੀ ਸੰਜੀਵ ਸ਼ਰਮਾ ਬਿੱਟੂ ਅਤੇ ਬਲਾਕ ਸੰਮਤੀ ਦੇ ਚੇਅਰਮੈਨ ਅਸ਼ਵਨੀ ਬੱਤਾ ਨੂੰ ਕਿਹਾ ਕਿ ਇੱਕ ਹਫ਼ਤੇ ਵਿੱਚ ਨਗਰ ਵਾਸੀਆਂ ਅਤੇ ਵਾਰਡ ਦੇ ਕੌਂਸਲਰ ਦੇ ਨਾਲ ਮੀਟਿੰਗ ਕਰਕੇ ਪੂਰੀ ਯੋਜਨਾ ਤਿਆਰ ਕੀਤੀ ਜਾਵੇ ਤਾਂ ਕਿ ਨਗਰ ਨਿਗਮ ਦੇ ਇਸ ਨਵੇਂ ਵਾਰਡ ਵਿੱਚ ਹਰ ਤਰ੍ਹਾਂ ਦੀਆਂ ਆਧੁਨਿਕ ਸੁਵਿਧਾਵਾਂ ਜਲਦੀ ਮੁਹੱਈਆ ਕਰਵਾਈਆਂ ਜਾਣ। ਇਸ ਮੌਕੇ ਸੰਜੀਵ ਸ਼ਰਮਾ ਬਿੱਟੂ ਨੇ ਹੋ ਰਹੇ ਵਿਕਾਸ ਕਾਰਜਾਂ ਬਾਰੇ ਜਾਣੂ ਕਰਵਾਇਆ ਕਿ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ਼ ਦਾ ਕੰਮ ਹੁਣੇ ਹੀ ਮੁਕੰਮਲ ਹੋਇਆ ਹੈ। ਉਹਨਾਂ ਕਿਹਾ ਕਿ ਸੜਕ ਨਿਰਮਾਣ ਅਤੇ ਸਟਰੀਟ ਲਾਈਟਾਂ ਦਾ ਕੰਮ ਇਸ ਤੋਂ ਤੁਰੰਤ ਬਾਅਦ ਸ਼ੁਰੂ ਕਰਨ ਦਾ ਸਿਧਾਤਕ ਫ਼ੈਸਲਾ ਲਿਆ ਜਾ ਚੁੱਕਾ ਹੈ। ਇਹ ਕੰਮ ਵੀ ਯੋਜਨਾਬੱਧ ਤਰੀਕੇ ਨਾਲ ਜਲਦੀ ਹੀ ਚਾਲੂ ਕਰਵਾ ਕੇ ਮੁਕੰਮਲ ਕਰਵਾ ਦਿੱਤੇ ਜਾਣਗੇ। ਦੂਜੇ ਪਾਸੇ ਭਗਵਾਨ ਸ਼੍ਰੀ ਵਿਸ਼ਵਕਰਮਾ ਨੂੰ ਸਮਰਪਿਤ ਸਮਾਗਮ ਮੌਕੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਕਿਹਾ ਕਿ ਹਲਕੇ ਦੇ ਵੋਟਰਾਂ ਦਾ ਆਸ਼ੀਰਵਾਦ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇੱਥੋਂ ਦੇ ਲੋਕ ਆਪਣਾ ਆਸ਼ੀਰਵਾਦ ਉਨ੍ਹਾਂ ਨੂੰ ਦਿੰਦੇ ਰਹਿਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਦੇ ਓਐਸਡੀ ਅੰਮਿ੍ਤ ਪ੍ਰਤਾਪ ਸਿੰਘ ਹਨੀ ਸੇਖੋਂ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਜ਼ਿਲ੍ਹਾ ਕਾਂਗਰਸ ਸ਼ਹਿਰੀ ਪ੍ਰਧਾਨ ਕੇਕੇ ਮਲਹੋਤਰਾ, ਜੋਗਿੰਦਰ ਸਿੰਘ ਕਾਕੜਾ, ਮੈਂਬਰ ਜਰਨੈਲ ਸਿੰਘ ਸਮੇਤ ਹਲਕੇ ਦੇ ਕਈ ਮੋਹਤਬਰ ਵਿਅਕਤੀ ਹਾਜ਼ਰ ਸਨ।