ਸਟਾਫ ਰਿਪੋਰਟਰ, ਪਟਿਆਲਾ

ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਪਟਿਆਲਾ ਸ਼ਹਿਰ ਨੂੰ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ-ਪਹਿਲਾਂ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਸ਼੍ਮਦਾਨ ਮੁਹਿੰਮ 'ਚ ਆਪਣਾ ਯੋਗਦਾਨ ਪਾਇਆ। ਇੱਥੇ ਵਾਰਡ ਨੰਬਰ 41, ਸੰਜੇ ਕਲੋਨੀ ਨੇੜੇ ਨਵੀਂ ਰੇਹੜੀ ਮਾਰਕੀਟ ਤੋਂ ਸ਼ੁਰੂ ਕੀਤੀ ਪਲਾਸਟਿਕ ਮੁਕਤ ਪਟਿਆਲਾ ਮੁਹਿੰਮ ਦੌਰਾਨ ਪਰਨੀਤ ਕੌਰ ਦੇ ਨਾਲ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪੋ੍. ਐਸਐਸ ਮਰਵਾਹਾ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਸ਼ਹਿਰੀ ਕਾਂਗਰਸ ਪ੍ਰਧਾਨ ਕੇਕੇ ਮਲਹੋਤਰਾ, ਮੁੱਖ ਮੰਤਰੀ ਦੇ ਓਐੱਸਡੀ ਅੰਮਿ੍ਤ ਪ੍ਰਤਾਪ ਸਿੰਘ ਹਨੀ ਸੇਖੋਂ, ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਅਤੇ ਹੋਰ ਪਤਵੰਤੇ ਮੌਜੂਦ ਸਨ।

ਲੋਕ ਸਭਾ ਮੈਂਬਰ ਪਰਨੀਤ ਕੌਰ ਪੈਦਲ ਤੁਰਦੇ ਹੋਏ ਨੇੜਲੀਆਂ ਕਲੋਨੀਆਂ ਦੀਆਂ ਗਲੀਆਂ ਵਿੱਚ ਗਏ, ਜਿਥੇ ਉਨ੍ਹਾਂ ਨੇ ਲਿਫ਼ਾਿਫ਼ਆਂ ਤੇ ਹੋਰ ਪਲਾਸਟਿਕ ਰਹਿੰਦ-ਖੂੰਹਦ ਨੂੰ ਬਰੀਕੀ ਨਾਲ ਖ਼ੁਦ ਇਕੱਠਾ ਕੀਤਾ, ਉੱਥੇ ਉਨ੍ਹਾਂ ਨੇ ਨਾਲ-ਨਾਲ ਸਥਾਨਕ ਦੁਕਾਨਦਾਰਾਂ ਨੂੰ ਪਲਾਸਟਿਕ ਦੇ ਲਿਫ਼ਾਫੇ ਨਾ ਵਰਤਣ ਦੀ ਅਪੀਲ ਵੀ ਕੀਤੀ। ਪਰਨੀਤ ਕੌਰ ਨੇ ਇਸ ਮੌਕੇ ਸਮੂਹ ਪਟਿਆਲਵੀਆਂ ਨੂੰ ਸੱਦਾ ਦਿੱਤਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸਾਨੂੰ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣ ਤੇ ਸਾਫ਼ ਵਾਤਾਵਰਨ ਲਈ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦੇਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਹਰ ਵਿਅਕਤੀ ਪਲਾਸਟਿਕ ਮੁਕਤ ਪਟਿਆਲਾ ਅਤੇ ਸਾਫ਼ ਸੁਥਰੇ ਵਾਤਵਰਣ ਲਈ ਆਪਣਾ ਬਣਦਾ ਯੋਗਦਾਨ ਜਰੂਰ ਪਾਵੇ, ਇਹੋ ਗੁਰੂ ਨਾਨਕ ਸਾਹਿਬ ਦਾ ਪੈਗ਼ਾਮ ਹੈ।

ਵਾਰਡਾਂ 'ਚੋਂ 35 ਟਨ ਕੂੜਾ ਹੋਇਆ ਇਕੱਤਰ

ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਨ ਮੌਕੇ ਪਟਿਆਲਾ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਸ਼ੁਰੂ ਕੀਤੀ 'ਸਵੱਛਤਾ ਹੀ ਸੇਵਾ' ਦੀ ਸ਼੍ਮਦਾਨ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਹੁਣ ਤਕ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿੱਚੋਂ ਕਰੀਬ 35 ਟਨ ਕੂੜਾ ਇਕੱਠਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਕੱਲੇ ਪਟਿਆਲਾ ਸ਼ਹਿਰ ਵਿਚ 230 ਟਨ ਕੂੜਾ ਰੋਜ਼ਾਨਾ ਪੈਦਾ ਹੁੰਦਾ ਹੈ, ਜਿਸ ਵਿੱਚੋਂ 80 ਟਨ ਦੇ ਕਰੀਬ ਪਲਾਸਟਿਕ ਹੁੰਦਾ ਹੈ ਤੇ ਇਸ ਵਿਚ 10 ਟਨ ਨਵਾਂ ਪਲਾਸਟਿਕ ਰੋਜ਼ਾਨਾ ਸ਼ਾਮਲ ਹੁੰਦਾ ਹੈ।