ਅਸ਼ਵਿੰਦਰ ਸਿੰਘ, ਬਨੂੜ : ਨਜ਼ਦੀਕੀ ਪਿੰਡ ਮਨੌਲੀ ਸੂਰਤ ਦੇ 33 ਵਰ੍ਹਿਆਂ ਦੇ ਨੌਜਵਾਨ ਅਤੇ ਡੇਰਾਬਸੀ ਥਾਣੇ ਦੇ ਹੈੱਡ ਕਾਂਸਟੇਬਲ ਪਰਵਿੰਦਰ ਸਿੰਘ ਵਿੱਕੀ (ਉਮਰ 33 ਸਾਲ) ਦੀ ਮੌਤ ਹੋ ਗਈ ਹੈ। ਉਹ ਆਪਣੇ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ। ਉਹ ਆਪਣੇ ਪਿੱਛੇ ਪਤਨੀ ਸਮੇਤ ਦੋ ਸਾਲਾ ਪੁੱਤਰ ਛੱਡ ਗਿਆ ਹੈ।

ਜਾਣਕਾਰੀ ਅਨੁਸਾਰ, ਵਿੱਕੀ ਨੂੰ ਕੁਝ ਦਿਨਾਂ ਤੋਂ ਡੇਂਗੂ ਦੀ ਸ਼ਿਕਾਇਤ ਦੱਸੀ ਜਾ ਰਹੀ ਸੀ, ਜੋ ਜਾਨਲੇਵਾ ਸਾਬਿਤ ਹੋਇਆ। ਉਸ ਨੂੰ ਦੋ ਦਿਨ ਪਹਿਲਾਂ ਡੇਰਾਬਸੀ ਦੇ ਨਿੱਜੀ ਹਸਪਤਾਲ ਭਰਤੀ ਕਰਾਇਆ, ਪਰ ਮੌਤ ਅੱਗੇ ਹਾਰ ਗਿਆ। ਦੋ ਭੈਣਾਂ ਦਾ ਵਿਚਕਰਲਾ ਭਰਾ, ਸੇਵਾਮੁਕਤ ਫੌਜੀ ਪਿਤਾ ਗੁਰਮੀਤ ਸਿੰਘ ਦੀ ਦੇਸ਼ ਸੇਵਾਵਾਂ ਤੋਂ ਪ੍ਰਭਾਵਿਤ ਹੋਕੇ ਐੱਮਬੀਏ ਕਰਨ ਉਪਰੰਤ 2011 ਵਿੱਚ ਪੰਜਾਬ ਪੁਲਿਸ ਵਿੱਚ ਬਤੌਰ ਕਾਂਸਟੇਬਲ ਭਰਤੀ ਹੋ ਗਏ ਜਿਥੇ ਉਸ ਦੀ ਪੰਜਾਬ ਪੁਲਿਸ ਬੈਚਮੇਟ ਹਰਪ੍ਰੀਤ ਕੌਰ ਨਾਲ ਵਿਆਹ ਹੋ ਗਿਆ। ਉਨ੍ਹਾਂ ਦੇ ਇੱਕ ਦੋ ਸਾਲ ਦਾ ਪੁੱਤਰ ਹੈ।

ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ। ਸਸਕਾਰ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦੇਣ ਉਪਰੰਤ ਉਨ੍ਹਾਂ ਦੇ ਪਿਤਾ ਨੇ ਚਿਤਾ ਨੂੰ ਅਗਨੀ ਵਿਖਾਈ।

ਉਨ੍ਹਾਂ ਦੇ ਸੰਸਕਾਰ ਮੌਕੇ ਡੀਐੱਸਪੀ ਡੇਰਾਬਸੀ ਗੁਰਬਖਸ਼ੀਸ ਸਿੰਘ, ਐੱਸਐੱਚਓ ਰੂੂਪਨਗਰ ਗੁਰਜੀਤ ਸਿੰਘ, ਐੱਸਐੱਚਓ ਡੇਰਾਬਸੀ ਜਤਿਨ ਕਪੂਰ, ਐੱਸਐੱਚਓ ਮੁੱਲਾਪੁਰ ਸਤਿੰਦਰ ਸਿੰਘ, ਇੰਸਪੈਕਟਰ ਮਹਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਅਫਸਰ, ਮੁਲਾਜ਼ਮਾਂ, ਇਲਾਕਾ ਤੇ ਪਿੰਡ ਵਾਸੀਆਂ ਨੇ ਸੇਜ਼ਲ ਅੱਖਾਂ ਨਾਲ ਵਿਦਾਇਗੀ ਦਿੱਤੀ।

Posted By: Jagjit Singh