ਸੀਨੀਅਰ ਰਿਪੋਰਟਰ, ਪਟਿਆਲਾ : ‘ਆਪੇ੍ਸ਼ਨ ਅੰਮ੍ਰਿਤਪਾਲ’ ਤਹਿਤ ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਜਾ ਰਿਹਾ ਹੈ। ਇਸ ਤਹਿਤ ਹੀ ਜ਼ਿਲ੍ਹੇ ’ਚ ਚਾਰ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਨ੍ਹਾਂ ਦੀ ਪਛਾਣ ਸਤਨਾਮ ਸਿੰਘ ਵਾਸੀ ਅਜਰੌਰ, ਬਲਪ੍ਰੀਤ ਸਿੰਘ ਬੱਲੀ ਵਾਸੀ ਤ੍ਰਿਪੜੀ ਪਟਿਆਲਾ, ਗੁਰਮੀਤ ਸਿੰਘ ਵਾਸੀ ਅਲੀਪੁਰ ਅਤੇ ਨਵਦੀਪ ਸਿੰਘ ਵਜੋਂ ਹੋਈ ਹੈ। ਇਨ੍ਹਾਂ ਗਿਫ਼ਤਾਰੀਆਂ ਦੇ ਵਿਰੋਧ ਵਿਚ ਨੌਜਵਾਨਾਂ ਦੇ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਦੇ ਨਾਲ ਆਈਜੀ ਮੁਖਵਿੰਦਰ ਸਿੰਘ ਛੀਨਾ ਨੂੰ ਮਿਲੇ।

ਵਫਦ ਨੇ ਆਈਜੀ ਨੂੰ ਪੂਰੀ ਸਥਿਤੀ ਬਾਰੇ ਦੱਸਿਆ ਕਿ ਇਹ ਨੌਜਵਾਨ ਨਿਰਦੋਸ਼ ਹਨ, ਜਿਨ੍ਹਾਂ ’ਚੋਂ ਸਤਨਾਮ ਸਿੰਘ ਅਜਰੌਰ ਨੌਕਰੀ ਕਰ ਕੇ ਪਰਿਵਾਰ ਪਾਲਦਾ ਹੈ, ਦੂਜਾ ਗੁਰਮੀਤ ਸਿੰਘ ਜਿਸ ਨੂੰ ਗਾਣੇ ਲਿਖਣ ਦਾ ਸ਼ੌਕ ਹੈ ਤੇ ਦੋਵੇਂ ਹੀ ਸਧਾਰਨ ਪਰਿਵਾਰਾਂ ’ਚੋਂ ਹਨ। ਉਨ੍ਹਾਂ ਕਿਹਾ ਕਿ ਦੋਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਨਾ ਹੀ ਦੇਸ਼ ਵਿਰੋਧੀ ਕਿਸੇ ਸਰਗਰਮੀ ਵਿਚ ਸ਼ਾਮਲ ਹਨ।

ਪ੍ਰੋ. ਚੰਦੂਮਾਜਰਾ ਨੇ ਆਈਜੀ ਨੂੰ ਅਪੀਲ ਕੀਤੀ ਕਿ ਇਨ੍ਹਾਂ ਨੌਜਵਾਨਾਂ ਨੂੰ ਤੁਰੰਤ ਪ੍ਰਭਾਵ ਨਾਲ ਜਾਂਚ ਤੋਂ ਬਾਅਦ ਰਿਹਾਅ ਕਰਨ। ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਅਕਾਲੀ ਦਲ ਦੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਕਿਸੇ ਨਾਲ ਵੀ ਕੋਈ ਨਾਜਾਇਜ਼ ਨਹੀਂ ਕੀਤੀ ਜਾਵੇਗੀ।

ਮੁੜ ਕਾਲੇ ਦੌਰ ’ਚ ਧੱਕ ਰਹੀ ਸਰਕਾਰ : ਪ੍ਰੋ. ਚੰਦੂਮਾਜਰਾ

ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਕੇਂਦਰ ਨਾਲ ਮਿਲ ਕੇ ਨੌਜਵਾਨਾਂ ’ਤੇ ਐੱਨਐੱਸਏ ਵਰਗੇ ਕਾਨੂੰਨ ਲਗਵਾ ਕੇ ਅਤੇ ਪੰਜਾਬ ਵਿਚ ਐੱਨਆਈਏ ਵਰਗੀਆਂ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਕੇ ਪੰਜਾਬ ਸਰਕਾਰ ਪੰਜਾਬ ਨੂੰ ਮੁੜ ਤੋਂ ਕਾਲੇ ਦੌਰ ਵਿਚ ਧੱਕ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਨੌਜਵਾਨਾਂ ਖ਼ਿਲਾਫ਼ ਨਾਜਾਇਜ਼ ਕੇਸ ਦਰਜ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ। ਜੇਲ੍ਹਾਂ ਨੌਜਵਾਨਾਂ ਨੂੰ ਵਿਗਾੜਦੀਆਂ ਹਨ, ਨਾ ਕਿ ਸੁਧਾਰਦੀਆਂ ਹਨ। ਉਨ੍ਹਾਂ ਪੰਜਾਬ ਤੋਂ ਬਾਹਰ ਸਿੱਖ ਨੌਜਵਾਨਾਂ ਨੂੰ ਫੜ ਕੇ ਦੂਜੀਆਂ ਜੇਲ੍ਹਾਂ ਵਿਚ ਰੱਖਣ, ਸੂਬੇ ਤੋਂ ਬਾਹਰਲੀਆਂ ਜੇਲ੍ਹਾਂ ਵਿਚ ਰੱਖਣ ਦਾ ਵੀ ਪੁਰਜ਼ੋਰ ਵਿਰੋਧ ਕੀਤਾ।

Posted By: Jagjit Singh