ਐੱਚਐੱਸਸੈਣੀ, ਰਾਜਪੁਰਾ: ਕੋਰੋਨਾ ਦੇ ਪ੍ਰਕੋਪ ਤੋਂ ਬਚਾਅ ਲਈ ਲਗਾਏ ਗਏ ਕਰਫਿਊ ਦੌਰਾਨ ਸੇਵਾਵਾਂ ਦੇਣ ਵਾਲੇ ਪੰਜਾਬ ਪੁਲਿਸ, ਸਿਹਤ ਵਿਭਾਗ ਤੇ ਸਫਾਈ ਕਰਮਚਾਰੀਆਂ ਤੋਂ ਇਲਾਵਾ ਸਕੂਲ ਸਿੱਖਿਆ ਵਿਭਾਗ ਦੇ ਅਧਿਆਪਕ ਵੀ ਘਰਾਂ 'ਚ ਬੈਠੇ ਹੀ ਆਪਣੇ ਵਿਦਿਆਰਥੀਆਂ ਨੂੰ ਡਿਜ਼ੀਟਲ ਤਕਨਾਲੋਜੀ ਦੀ ਮਦਦ ਨਾਲ ਪੜ੍ਹਾਉਣ ਲਈ ਕਾਰਜਸ਼ੀਲ ਹਨ। ਪਟਿਆਲਾ ਜਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਸ਼ੰਭੂ ਕਲਾਂ (ਬਲਾਕ ਡਾਰੀਆਂ) ਦੀ ਮੁੱਖ ਅਧਿਆਪਕਾ ਹਰਪ੍ਰੀਤ ਕੌਰ ਆਪਣੇ ਸਕੂਲ ਦੇ ਸਾਰੇ 110 ਵਿਦਿਆਰਥੀਆਂ ਨੂੰ ਜੂਮ ਐਪ ਤੇ ਵਟਸ ਐਪ ਜ਼ਰੀਏ ਆਨਲਾਈਨ ਪੜ੍ਹਾ ਰਹੀ ਹੈ। ਹਰਪ੍ਰੀਤ ਕੌਰ ਸਵੇਰੇ 11 ਤੋਂ 1 ਵਜੇ ਤਕ ਦਾ ਸਮਾਂ ਵਿਦਿਆਰਥੀਆਂ ਦੀ ਆਨਲਾਈਨ ਜਮਾਤ ਲਗਾਉਂਦੀ ਹੈ। ਜਿਸ ਦੌਰਾਨ 110 'ਚੋਂ 80 ਤੋਂ ਵਧੇਰੇ ਵਿਦਿਆਰਥੀ ਆਨਲਾਈਨ ਹੋ ਕੇ ਵਿਸ਼ਾਵਾਰ ਪੜ੍ਹਾਈ ਕਰ ਲੈਂਦੇ ਹਨ ਅਤੇ ਉਨ੍ਹਾਂ ਨੂੰ ਕਰਨ ਲਈ ਕੰਮ ਦਿੱਤਾ ਜਾਂਦਾ ਹੈ। ਇਸ ਦੌਰਾਨ ਜਿਹੜੇ ਵਿਦਿਆਰਥੀ ਫੋਨ ਉਪਲਬਧ ਨਾ ਹੋਣ ਕਰਕੇ ਰਾਬਤਾ ਨਹੀਂ ਬਣਾ ਸਕਦੇ ਤਾਂ ਉਹ ਬਾਅਦ 'ਚ ਉਸ ਨਾਲ ਸੰਪਰਕ ਬਣਾ ਕੇ, ਰੋਜ਼ਾਨਾ ਕਰਵਾਇਆ ਜਾਣ ਵਾਲਾ ਕੰਮ ਕਰ ਲੈਂਦੇ ਹਨ। ਹਰਪ੍ਰੀਤ ਕੌਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਰੋਜ਼ਾਨਾ ਭੇਜਿਆ ਜਾਂਦੀ ਵਿਦਿਅਕ ਸਮੱਗਰੀ ਤੋਂ ਇਲਾਵਾ ਉਹ ਪਾਠਕ੍ਰਮ ਅਨੁਸਾਰ ਵੀ ਪੜ੍ਹਾਉਣ ਦਾ ਕੰਮ ਵੀ 1 ਅਪ੍ਰੈਲ ਤੋਂ ਸ਼ੁਰੂ ਕਰ ਚੁੱਕੀ ਹੈ। ਹਰਪ੍ਰੀਤ ਕੌਰ ਨੇ ਦੱਸਿਆ ਕਿ ਆਨਲਾਈਨ ਪੜ੍ਹਾਈ ਤੋਂ ਜਿੱਥੇ ਵਿਦਿਆਰਥੀ ਪੂਰਾ ਫਾਇਦਾ ਉਠਾ ਰਹੇ ਹਨ, ਉੱਥੇ ਮਾਪੇ ਵੀ ਬਹੁਤ ਸੰਤੁਸ਼ਟ ਹਨ ਅਤੇ ਉਨ੍ਹਾਂ ਦਾ ਹੁੰਗਾਰਾ ਬਹੁਤ ਵਧੀਆ ਹੈ। ਦੱਸਣਯੋਗ ਹੈ ਕਿ ਹਰਪ੍ਰੀਤ ਕੌਰ ਹੁਣ ਤੱਕ ਸ਼ੰਭੂ ਕਲਾਂ ਸਕੂਲ 'ਤੇ ਆਪਣੇ ਪੱਲਿਓ ੨ ਲੱਖ ਤੋਂ ਵਧੇਰੇ ਰਾਸ਼ੀ ਖਰਚ ਚੁੱਕੀ ਹੈ ਅਤੇ ਵਿਦਿਆਰਥੀਆਂ ਨੂੰ ਹਰ ਲੋੜੀਦੀ ਸਹੂਲਤ ਮਹੱਈਆ ਕਰਵਾ ਰਹੀ ਹੈ। ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.) ਪਟਿਆਲਾ ਇੰਜੀ. ਅਮਰਜੀਤ ਸਿੰਘ ਵੱਲੋਂ ਮਿਲੀ ਹੱਲਾਸ਼ੇਰੀ ਸਦਕਾ ਉਹ ਬਹੁਤ ਹੀ ਉਤਸ਼ਾਹ ਨਾਲ ਇਸ ਸੰਕਟ ਦੀ ਘੜੀ 'ਚ ਵਿਦਿਆਰਥੀਆਂ ਨਾਲ ਰੁੱਝੇ ਹੋਏ ਹਨ ਅਤੇ ਘਰ ਵਿਹਲੇ ਬੈਠਣ ਦਾ ਉਨ੍ਹਾਂ ਨੂੰ ਅਹਿਸਾਸ ਹੀ ਨਹੀਂ ਹੋ ਰਿਹਾ।

Posted By: Amita Verma