ਸਟਾਫ ਰਿਪੋਰਟਰ, ਪਟਿਆਲਾ : ਇਕ ਕੰਪਨੀ ਵੱਲੋਂ ਪੌਲੀ ਹਾਊਸ ਬਣਵਾ ਕੇ ਸਰਕਾਰ ਵੱਲੋਂ ਸਬਸਿਡੀ ਦਿਵਾਉਣ ਦਾ ਝਾਂਸਾ ਦੇ ਕੇ ਇਕ ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਪਸਿਆਣਾ ਪੁਲਿਸ ਨੇ ਪੰਚਕੂਲਾ ਵਾਸੀ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਸੈਣੀ ਮਾਜਰਾ ਵਾਸੀ ਕਿਸਾਨ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਪਸਿਆਣਾ ਵਿਖੇ ਉਸਦੀ 16 ਵਿਘੇ 13 ਬਿਸਵੇ ਜ਼ਮੀਨ 'ਤੇ ਹਿਮਾਲਿਆ ਐਗਰੋ ਫਾਰਮ ਵੱਲੋਂ ਪੌਲੀ ਹਾਊਸ ਬਣਾਉਣ ਲਈ ਇਕਰਾਰਨਾਮਾ ਕੀਤਾ ਸੀ।

ਕੰਪਨੀ ਨੇ ਗੁਰਦਰਸ਼ਨ ਸਿੰਘ ਦੀ ਜ਼ਮੀਨ ਗਹਿਣੇ ਰੱਖ ਕੇ ਉਸ 'ਤੇ 1 ਕਰੋੜ 5 ਲੱਖ ਰੁਪਏ ਦਾ ਲੋਨ ਕਰਵਾ ਲਿਆ ਤੇ ਸਾਰੀ ਰਕਮ ਆਪਣੇ ਖਾਤੇ ਵਿਚ ਟਰਾਂਸਫਰ ਕਰਵਾ ਲਈ। ਗੁਰਦਰਸ਼ਨ ਸਿੰਘ ਅਨੁਸਾਰ ਕੰਪਨੀ ਨੇ ਉਸ ਤੋਂ ਖ਼ਾਲੀ ਅਸ਼ਟਾਮਾਂ ਤੇ ਕਾਗਜ਼ਾਂ 'ਤੇ ਦਸਤਖ਼ਤ ਕਰਵਾ ਕੇ ਸਰਕਾਰ ਵੱਲੋਂ 50 ਫ਼ੀਸਦੀ ਸਬਸੀਡੀ ਦਿਵਾਉਣ ਦਾ ਭਰੋਸਾ ਦੇ ਦਿੱਤਾ। ਦੋਸ਼ ਹੈ ਕਿ ਬਾਅਦ 'ਚ ਨਾ ਤਾਂ ਪੌਲੀ ਹਾਊਸ ਬਣਵਾਇਆ ਤੇ ਨਾ ਰਕਮ ਵਾਪਸ ਕੀਤੀ ਅਤੇ ਨਾ ਹੀ ਸਬਸਿਡੀ ਦਿਵਾਈ ਹੈ। ਗੁਰਦਰਸ਼ਨ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਪਸਿਆਣਾ ਪੁਲਿਸ ਨੇ ਕੰਪਨੀ ਦੇ ਨੁਮਾਇੰਦੇ ਪੰਚਕੂਲਾ ਵਾਸੀ ਵਿਨੋਦ ਕੋਹਲੀ ਤੇ ਕਮਲ ਕੋਹਲੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ 'ਚ ਫਿਲਹਾਲ ਕੋਈ ਗਿ੍ਫ਼ਤਾਰੀ ਨਹੀਂ ਹੋ ਸਕੀ ਹੈ।