ਅਸ਼ਵਿੰਦਰ ਸਿੰਘ, ਬਨੂੜ : ਬੀਤੀ ਰਾਤ ਥਾਣਾ ਬਨੂੜ ਅਧੀਨ ਪੈਂਦੇ ਪਿੰਡ ਲੇਹਲਾਂ ਦੇ ਕਿਸਾਨਾਂ ਨੇ ਦੋ ਮੋਟਰਸਾਈਕਲਾਂ ਤੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਕਿਸਾਨਾਂ ਅਨੁਸਾਰ ਇਹ ਚੋਰ ਗਿਰੋਹ ਸੀ, ਜਿਹੜਾ ਕਿ ਟਿਊਬਵੈੱਲਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਅਤੇ ਹੋਰ ਸਮੱਗਰੀ ਖੋਹਣ ਆਇਆ ਸੀ। ਕਿਸਾਨਾਂ ਨੇ ਦੱਸਿਆ ਕਿ ਗਿਰੋਹ ਦੇ ਪੰਜ ਮੈਂਬਰ ਮੌਕੇ ਤੋਂ ਫ਼ਰਾਰ ਹੋਣ ਵਿੱਚ ਸਫਲ ਹੋ ਗਏ। ਇਸ ਮਾਮਲੇ ਸਬੰਧੀ ਲੇਹਲਾਂ, ਨੱਤਿਆਂ, ਉੜਦਣ, ਖੇੜਾ ਗੱਜੂ, ਮਿਰਜ਼ਾਪੁਰ, ਕਲੌਲੀ, ਖਾਨਪੁਰ ਆਦਿ ਦੀਆਂ ਪੰਚਾਇਤਾਂ ਨੇ ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਨਾਲ ਮੁਲਾਕਾਤ ਕਰਕੇ ਗਿਰੋਹ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਲੇਹਲਾਂ ਦੇ ਸਰਪੰਚ ਅਮਰਜੀਤ ਸਿੰਘ ਨੇ ਦੱਸਿਆ ਕਿ ਘਟਨਾ ਰਾਤੀਂ ਗਿਆਰਾਂ ਵਜੇ ਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦਾ ਕਿਸਾਨ ਲਾਡੀ ਤੇ ਉਸ ਦਾ ਭਰਾ ਖੇਤ ਵਿੱਚ ਮੋਟਰ ਚਲਾ ਕੇ ਘਰ ਪਰਤ ਲੱਗਣ ਸਨ ਤੇ ਉਨ੍ਹਾਂ ਦੀ ਮੋਟਰ ਨੇੜੇ ਦੋ ਮੋਟਰਸਾਈਕਲਾਂ ਉੱਤੇ ਛੇ ਨੌਜਵਾਨ ਆ ਗਏ। ਦੋਵੇਂ ਭਰਾਵਾਂ ਨੇ ਹੌਸਲਾ ਕਰਕੇ ਉਨ੍ਹਾਂ ਨੂੰ ਰੋਕ ਲਿਆ ਤੇ ਉਹ ਮੋਟਰ ਸਾਈਕਲ ਉੱਥੇ ਹੀ ਛੱਡ ਕੇ ਖੇਤਾਂ ਵਿੱਚੋਂ ਫ਼ਰਾਰ ਹੋ ਗਏ ਪਰ ਉਨ੍ਹਾਂ ਗਿਰੋਹ ਦੇ ਇੱਕ ਮੈਂਬਰ ਨੂੰ ਕਾਬੂ ਕਰ ਲਿਆ ਤੇ ਪਿੰਡ ਵਾਲਿਆਂ ਨੂੰ ਇਤਲਾਹ ਦਿੱਤੀ, ਜਿਸ ਮਗਰੋਂ ਸਾਰਾ ਪਿੰਡ ਉੱਥੇ ਪਹੁੰਚ ਗਿਆ।

ਸਰਪੰਚ ਨੇ ਦੱਸਿਆ ਕਿ ਗਿਰੋਹ ਦੇ ਫੜੇ ਗਏ ਮੈਂਬਰ ਨੇ ਮੋਟਰਾਂ ਅਤੇ ਟਰਾਂਸਫ਼ਾਰਮਰਾਂ ਦੀਆਂ ਤਾਰਾਂ ਚੋਰੀ ਕਰਨ ਦਾ ਇੰਕਸਾਫ਼ ਕੀਤਾ ਤੇ ਉਸ ਕੋਲੋਂ ਵੱਡੀ ਮਾਤਰਾ ਵਿੱਚ ਤਾਰਾਂ ਕੱਟਣ ਵਾਲਾ ਸਾਮਾਨ, ਕਿਰਚਾਂ ਆਦਿ ਬਰਾਮਦ ਹੋਏ। ਫੜੇ ਗਏ ਨੌਜਵਾਨ ਬਨੂੜ ਨਾਲ ਸਬੰਧਿਤ ਹੈ ਤੇ ਉਸ ਨੇ ਆਪਣੇ ਨਾਲ ਵਾਲੇ ਸਾਥੀਆਂ ਦੇ ਨਾਂ ਵੀ ਦੱਸੇ ਜੋ ਸਾਰੇ ਬਨੂੜ ਦੇ ਹੀ ਵਸਨੀਕ ਹਨ। ਸਰਪੰਚ ਨੇ ਦੱਸਿਆ ਕਿ ਰਾਤੀਂ ਬਾਰਾਂ ਕੁ ਵਜੇ ਦੋਵੇਂ ਮੋਟਰਸਾਈਕਲ 'ਤੇ ਕਾਬੂ ਕੀਤਾ ਗਿਆ ਸ਼ਖ਼ਸ ਬਨੂੜ ਪੁਲਿਸ ਦੇ ਹਵਾਲੇ ਕੀਤਾ ਗਿਆ। ਇਸ ਸਬੰਧੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿੱਚ ਕਾਬੂ ਕੀਤਾ ਨੌਜਵਾਨ ਸਾਰਾ ਕੁੱਝ ਇੰਕਸਾਫ਼ ਕਰ ਰਿਹਾ ਹੈ ਤੇ ਉਹ ਚੋਰੀ ਦੀਆਂ ਤਾਰਾਂ ਤੇ ਹੋਰ ਸਾਮਾਨ ਨੂੰ ਪਿੰਜੌਰ ਵੇਚ ਕੇ ਆਉਣ ਦੀ ਗੱਲ ਕਹਿ ਰਿਹਾ ਹੈ। ਜ਼ਿਕਰਯੋਗ ਹੈ ਕਿ ਸਮੁੱਚੇ ਖੇਤਰ ਦੇ ਕਿਸਾਨ ਮੋਟਰਾਂ ਦੀਆਂ ਕੇਬਲਾਂ ਚੋਰੀ ਹੋਣ ਤੋਂ ਬੇਹੱਦ ਪਰੇਸ਼ਾਨ ਹਨ।

ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭੀ : ਥਾਣਾ ਮੁਖੀ

ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਇਸ ਮਾਮਲੇ ਸਬੰਧੀ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਉਨ੍ਹਾਂ ਪੰਚਾਇਤਾਂ ਨੂੰ ਵੀ ਭਰੋਸਾ ਦਿਵਾਇਆ ਕਿ ਗਰੋਹ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

Posted By: Jagjit Singh